ਸਾਤਵਿਕ-ਚਿਰਾਗ ਦੀ ਜੋੜੀ ਥਾਈਲੈਂਡ ਓਪਨ ’ਚ ਰਹੀ ਉਪ ਜੇਤੂ
Monday, May 18, 2026 - 10:41 AM (IST)
ਬੈਂਕਾਕ– ਸਾਤਵਿਕ ਸਾਈਰਾਜ ਰੈਂਕੀਰੈਡੀ ਤੇ ਚਿਰਾਗ ਸ਼ੈੱਟੀ ਦੀ ਸਟਾਰ ਭਾਰਤੀ ਜੋੜੀ ਨੇ ਐਤਵਾਰ ਨੂੰ ਇੱਥੇ ਖੇਡੇ ਗਏ ਫਾਈਨਲ ’ਚ 4 ਚੈਂਪੀਅਨਸ਼ਿਪ ਪੁਆਇੰਟ ਬਚਾਏ ਪਰ ਆਖਿਰ ’ਚ ਉਨ੍ਹਾਂ ਨੂੰ ਥਾਈਲੈਂਡ ਓਪਨ ਸੁਪਰ 500 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਡਬਲਜ਼ ’ਚ ਉਪ ਜੇਤੂ ਬਣ ਕੇ ਸਬਰ ਕਰਨਾ ਪਿਆ। ਵਿਸ਼ਵ ਰੈਂਕਿੰਗ ’ਚ ਚੌਥੇ ਸਥਾਨ ’ਤੇ ਕਾਬਜ਼ ਸਾਤਵਿਕ ਤੇ ਚਿਰਾਗ ਨੂੰ ਇੰਡੋਨੇਸ਼ੀਆ ਦੇ ਲਿਓ ਰੌਲੀ ਕਾਰਨਾਂਡੋ ਤੇ ਡੇਨੀਅਲ ਮਾਰਟਿਨ ਹੱਥੋਂ 53 ਮਿੰਟ ਤੱਕ ਚੱਲੇ ਮੈਚ ’ਚ 12-21, 23-25 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਸਾਤਵਿਕ ਤੇ ਚਿਰਾਗ ਨੇ ਇੱਥੇ 2019 ਤੇ 2024 ’ਚ ਖਿਤਾਬ ਜਿੱਤਿਆ ਸੀ। ਉਹ ਪਹਿਲੇ ਸੈੱਟ ’ਚ ਲੈਅ ਤੋਂ ਬਾਹਰ ਦਿੱਸੇ ਪਰ ਦੂਜੇ ਸੈੱਟ ’ਚ ਦਬਾਅ ’ਚ ਆਪਣੀ ਮਾਨਸਿਕ ਦ੍ਰਿੜ੍ਹਤਾ ਦਾ ਪ੍ਰਗਟਾਵਾ ਕਰਦੇ ਹੋਏ ਮੈਚ ਨੂੰ ਫੈਸਲਾਕੁੰਨ ਸੈੱਟ ਤੱਕ ਲੈ ਜਾਣ ਦੇ ਨੇੜੇ ਪਹੁੰਚ ਗਏ ਸਨ। ਇਹ ਭਾਰਤੀ ਜੋੜੀ ਪਿਛਲੇ ਸਾਲ ਚਾਈਨਾ ਮਾਸਟਰਜ਼ ਤੇ ਹਾਂਗਕਾਂਗ ਓਪਨ ’ਚ ਵੀ ਉਪ ਜੇਤੂ ਰਹੀ ਸੀ। ਇਹ ਸਾਤਵਿਕ ਤੇ ਚਿਰਾਗ ਵਿਰੁੱਧ ਇੰਡੋਨੇਸ਼ੀਆਈ ਜੋੜੀ ਦੀ ਪਹਿਲੀ ਜਿੱਤ ਵੀ ਹੈ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਜੋੜੀਆਂ ਵਿਚਾਲੇ ਖੇਡੇ ਗਏ ਸਾਰੇ 4 ਮੈਚ ਭਾਰਤੀ ਜੋੜੀ ਨੇ ਜਿੱਤੇ ਸਨ।
