ਸਕਲੇਨ ਮੁਸ਼ਤਾਕ ਨੇ ਇਸ ਭਾਰਤੀ ਬੱਲੇਬਾਜ਼ ਦੀਆਂ ਤਾਰੀਫ਼ਾਂ ਦੇ ਬੰਨ੍ਹੇ ਪੁਲ, ਵਿਵ ਰਿਚਰਡਸ ਨਾਲ ਕੀਤੀ ਤੁਲਨਾ
Wednesday, Jun 02, 2021 - 05:03 PM (IST)
ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਆਫ ਸਪਿਨਰ ਸਕਲੇਨ ਮੁਸ਼ਤਾਕ ਨੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਸ ਨੇ ਆਪਣੀ ਬੱਲੇਬਾਜ਼ੀ ਦੇ ਅੰਦਾਜ਼ ਨਾਲ ਭਾਰਤੀ ਬੱਲੇਬਾਜ਼ੀ ਨੂੰ ਬਦਲ ਦਿੱਤਾ। ਸਹਿਵਾਗ ਨੇ ਭਾਰਤ ਲਈ ਟੈਸਟ ਮੈਚਾਂ ’ਚ ਦੋ ਤੀਹਰੇ ਸੈਂਕੜੇ ਲਗਾਏ ਹਨ। ਉਹ ਟੈਸਟ ਇਤਿਹਾਸ ਦੇ ਸਭ ਤੋਂ ਸਫਲ ਓਪਨਰਾਂ ’ਚ ਗਿਣਿਆ ਜਾਂਦਾ ਹੈ। ਸਹਿਵਾਗ ਦਾ ਅੰਦਾਜ਼ ਹਮਲਾਵਰ ਸੀ ਅਤੇ ਟੈਸਟਾਂ ’ਚ ਵੀ ਉਸ ਨੇ ਇਸੇ ਹਮਲਾਵਰਤਾ ਨਾਲ ਬੱਲੇਬਾਜ਼ੀ ਕੀਤੀ ਅਤੇ ਆਪਣੀ ਵੱਖਰੀ ਪਛਾਣ ਬਣਾਈ। ਟੈਸਟ ਮੈਚਾਂ ’ਚ ਸਹਿਵਾਗ ਦਾ ਸਟ੍ਰਾਈਕ ਰੇਟ 82.2 ਹੈ, ਜਦਕਿ ਵਨ ਡੇ ਮੈਚਾਂ ਵਿਚ ਉਨ੍ਹਾਂ ਦਾ ਸਟ੍ਰਾਈਕ ਰੇਟ 104.3 ਹੈ ਤੇ ਟੀ-20 ਵਿਚ ਉਨ੍ਹਾਂ ਦਾ ਸਟ੍ਰਾਈਕ ਰੇਟ 145.3 ਦਾ ਹੈ। ਸਕਲੇਨ ਦਾ ਮੰਨਣਾ ਹੈ ਕਿ ਜਿਥੇ ਅੱਜ ਦੇ ਦੌਰ ’ਚ ਭਾਰਤੀ ਬੱਲੇਬਾਜ਼ੀ ਪਹੁੰਚ ਗਈ ਹੈ, ਉਸ ’ਚ ਸਹਿਵਾਗ ਦਾ ਵੱਡਾ ਹੱਥ ਹੈ। ਸਹਿਵਾਗ ਨੇ ਆਪਣਾ ਪਹਿਲਾ ਤੀਹਰਾ ਸੈਂਕੜਾ ਸਕਲੇਨ ਦੀ ਗੇਂਦ ’ਤੇ ਛੱਕਾ ਲਾ ਕੇ ਪੂਰਾ ਕੀਤਾ ਸੀ।
ਭਾਰਤੀ ਬੱਲੇਬਾਜ਼ਾਂ ਨੂੰ ਮਿਲਿਆ ਫਾਇਦਾ
ਸਕਲੇਨ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ, ‘‘ਸਹਿਵਾਗ ਦਾ ਪ੍ਰਭਾਵ ਪੂਰੀ ਦੁਨੀਆ ’ਤੇ ਪਿਆ ਹੈ। ਉਹ ਜਿਸ ਸ਼ੈਲੀ ’ਚ ਖੇਡਦਾ ਸੀ, ਜਿਸ ਤਰ੍ਹਾਂ ਦੀ ਬ੍ਰਾਂਡ ਦੀ ਕ੍ਰਿਕਟ ਖੇਡਦਾ ਸੀ, ਨੇ ਭਾਰਤ ਦੇ ਕਈ ਖਿਡਾਰੀਆਂ ਨੂੰ ਫਾਇਦਾ ਪਹੁੰਚਾਇਆ। ਜਿਸ ਤਰ੍ਹਾਂ ਦੀ ਬੱਲੇਬਾਜ਼ੀ ਉਸ ਨੇ ਪੂਰੀ ਦੁਨੀਆ ਨੂੰ ਦਿਖਾਈ, ਉਸ ਨਾਲ ਭਾਰਤੀ ਕ੍ਰਿਕਟ ਦੀ ਮਾਨਸਿਕਤਾ ਤੇ ਕਈ ਕ੍ਰਿਕਟਰਾਂ ਦੀ ਮਾਨਸਿਕਤਾ ਵੀ ਬਦਲ ਗਈ।”
ਸਹਿਵਾਗ ਨਾਲ ਕੀਤੀ ਰੋਹਿਤ ਦੀ ਤੁਲਨਾ
ਸਕਲੇਨ ਨੇ ਸਹਿਵਾਗ ਅਤੇ ਰੋਹਿਤ ਸ਼ਰਮਾ ਦੀ ਤੁਲਨਾ ਵੀ ਕੀਤੀ। ਉਸ ਦਾ ਮੰਨਣਾ ਹੈ ਕਿ ਰੋਹਿਤ ਦਾ ਰਿਕਾਰਡ ਬਿਨਾਂ ਸ਼ੱਕ ਸਹਿਵਾਗ ਦੇ ਮੁਕਾਬਲੇ ਥੋੜ੍ਹਾ ਚੰਗਾ ਹੈ ਪਰ ਸਹਿਵਾਗ ਦੇ ਨਕਸ਼ੇ ਕਦਮਾਂ ਉੱਤੇ ਚੱਲੇ ਬਿਨਾਂ ਇਹ ਸੰਭਵ ਨਹੀਂ ਹੋ ਸਕਦਾ ਸੀ। ਸਕਲੇਨ ਦਾ ਮੰਨਣਾ ਹੈ ਕਿ ਸਹਿਵਾਗ ਨੇ ਜਿਸ ਤਰ੍ਹਾਂ ਦੀ ਕ੍ਰਿਕਟ ਖੇਡੀ, ਬਹੁਤ ਘੱਟ ਲੋਕ ਖੇਡਣ ਦੇ ਯੋਗ ਹੁੰਦੇ ਹਨ। ਉਨ੍ਹਾਂ ਕਿਹਾ, ‘‘ਸਹਿਵਾਗ ਨੇ ਮਾਰਕ ਸੈੱਟ ਕੀਤੇ ਹਨ ਅਤੇ ਆਪਣੇ ਆਤਮ ਵਿਸ਼ਵਾਸ ਨਾਲ ਰਸਤਾ ਦਿਖਾਇਆ ਹੈ। ਸਹਿਵਾਗ ਨੇ ਵਨਡੇ ਮੈਚਾਂ ਵਿਚ ਦੋਹਰਾ ਸੈਂਕੜਾ ਲਗਾਇਆ, ਇਸ ਲਈ ਖਿਡਾਰੀਆਂ ਨੂੰ ਲੱਗਿਆ ਕਿ ਇਹ ਹੋ ਸਕਦਾ ਹੈ। ਰੋਹਿਤ ਨੇ ਸਹਿਵਾਗ ਨੂੰ ਦੇਖ ਕੇ ਬਹੁਤ ਕੁਝ ਸਿੱਖਿਆ ਹੋਵੇਗਾ। ਬੇਸ਼ੱਕ ਰੋਹਿਤ ਦੇ ਅੰਕੜੇ ਸਹਿਵਾਗ ਨਾਲੋਂ ਵਧੀਆ ਹੋ ਸਕਦੇ ਹਨ ਪਰ ਇਸ ਦੇ ਪਿੱਛੇ ਸਹਿਵਾਗ ਦੀ ਭੂਮਿਕਾ ਹੈ।
ਸਹਿਵਾਗ ਤੋਂ ਪਹਿਲਾਂ ਵਿਵ ਰਿਚਰਡਸ ਵੀ ਕਰਦੇ ਸਨ ਅਜਿਹਾ
ਸਕਲੇਨ ਨੇ ਕਿਹਾ ਕਿ ਸਹਿਵਾਗ ਤੋਂ ਪਹਿਲਾਂ ਸਿਰਫ ਕੁਝ ਬੱਲੇਬਾਜ਼ ਸਨ, ਜੋ ਇਸ ਤਰ੍ਹਾਂ ਦੀ ਬੱਲੇਬਾਜ਼ੀ ਕਰਦੇ ਸਨ। ਸਾਬਕਾ ਆਫ ਸਪਿਨਰ ਨੇ ਕਿਹਾ, “ਉਹ ਆਪਣੇ ਲਈ ਖੇਡਿਆ, ਦੇਸ਼ ਲਈ ਖੇਡਿਆ ਅਤੇ ਉਸ ਤੋਂ ਬਾਅਦ ਆਉਣ ਵਾਲੇ ਬੱਲੇਬਾਜ਼ਾਂ ਦੀ ਸੋਚ ਬਦਲ ਗਈ। ਉਨ੍ਹਾਂ ਤੋਂ ਪਹਿਲਾਂ ਸਰ ਵਿਵੀਅਨ ਰਿਚਰਡਸ ਵਰਗੇ ਇਕ-ਦੋ ਬੱਲੇਬਾਜ਼ ਵਨਡੇ ਮੈਚਾਂ ਇਸ ਤਰ੍ਹਾਂ ਦੀ ਬੱਲੇਬਾਜ਼ੀ ਕਰਦੇ ਸਨ, ਜ਼ਹੀਰ ਅੱਬਾਸ ਵੀ। ਉਨ੍ਹਾਂ ਨੇ ਦੁਨੀਆ ਉੱਤੇ ਰਾਜ ਕੀਤਾ। ਸਹਿਵਾਗ ਨੇ ਵੀ ਵਿਸ਼ਵ ਕ੍ਰਿਕਟ ’ਤੇ ਆਪਣਾ ਦਬਦਬਾ ਦਿਖਾਇਆ।