ਸਾਨੀਆ ਹੋਬਾਰਟ ਕੌਮਾਂਤਰੀ ਮਹਿਲਾ ਡਬਲਜ਼ ਦੇ ਫਾਈਨਲ 'ਚ
Friday, Jan 17, 2020 - 12:29 PM (IST)

ਹੋਬਾਰਟ— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਯੂਕ੍ਰੇਨ ਦੀ ਨਾਦੀਆ ਕਿਚੇਨੋਕ ਦੇ ਨਾਲ ਹੋਬਾਰਟ ਕੌਮਾਂਤਰੀ ਮਹਿਲਾ ਡਬਲਜ਼ 'ਚ ਪਹੁੰਚ ਗਈ। ਸਾਨੀਆ ਅਤੇ ਕਿਚੇਨੋਕ ਨੇ ਸਲੋਵੇਨੀਆ ਦੀ ਤਮਾਰਾ ਜਿੰਦਾਸੇਕ ਅਤੇ ਚੈੱਕ ਗਣਰਾਜ ਦੀ ਮਾਰੀ ਬੂਜਕੋਵਾ ਨੂੰ ਇਕ ਘੰਟੇ 24 ਮਿੰਟ ਤਕ ਚਲੇ ਸੈਮੀਫਾਈਨਲ 'ਚ 7-6, 6-2 ਨਾਲ ਹਰਾਇਆ। ਹੁਣ ਸਾਨੀਆ ਅਤੇ ਕਿਚੇਨੋਕ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਦੂਜਾ ਦਰਜਾ ਪ੍ਰਾਪਤ ਚੀਨ ਦੀ ਸ਼ੁਆਈ ਪੇਂਗ ਅਤੇ ਸ਼ੁਆਈ ਝਾਂਗ ਨਾਲ ਖੇਡੇਗੀ। ਚੀਨੀ ਜੋੜੀ ਨੂੰ ਵਾਕ ਓਵਰ ਮਿਲਿਆ ਜਦੋਂ ਬੈਲਜੀਅਮ ਦੀ ਕਸਰਟਨ ਫਲਿਪਕੇਂਸ ਅਤੇ ਐਲੀਸਨ ਵਾਨ ਨੇ ਸੱਟ ਕਾਰਨ ਸੈਮੀਫਾਈਨਲ ਮੁਕਾਬਲਾ ਛੱਡ ਦਿੱਤਾ।
ਸਾਨੀਆ ਮਾਂ ਬਣਨ ਦੇ ਬਾਅਦ ਦੋ ਸਾਲ ਟੈਨਿਸ ਤੋਂ ਦੂਰ ਸੀ। ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਨਿਕਾਹ ਕਰਨ ਵਾਲੀ ਸਾਨੀਆ ਨੇ 2018 'ਚ ਇਜ਼ਹਾਨ ਨੂੰ ਜਨਮ ਦਿੱਤਾ। ਉਸ ਨੇ ਅਕਤੂਬਰ 2017 'ਚ ਆਖਰੀ ਟੂਰਨਾਮੈਂਟ ਖੇਡਿਆ ਸੀ। ਭਾਰਤੀ ਟੈਨਿਸ ਨੂੰ ਨਵੀਆਂ ਬੁਲੰਦੀਆਂ ਤਕ ਲੈ ਜਾਣ ਵਾਲੀ ਸਾਨੀਆ ਡਬਲਜ਼ 'ਚ ਨੰਬਰ ਇਕ ਰਹਿ ਚੁੱਕੀ ਹੈ ਅਤੇ 6 ਵਾਰ ਦੀ ਗ੍ਰੈਂਡ ਸਲੈਮ ਜੇਤੂ ਹੈ। ਸਾਨੀਆ ਨੇ 2013 'ਚ ਸਿੰਗਲ ਟੈਨਿਸ ਖੇਡਣਾ ਛੱਡ ਦਿੱਤਾ ਸੀ। ਉਹ 2007 'ਚ ਡਬਲਯੂ. ਟੀ. ਏ. ਸਿੰਗਲ ਰੈਂਕਿੰਗ 'ਚ 27ਵੇਂ ਸਥਾਨ 'ਤੇ ਪਹੁੰਚੀ ਸੀ। ਆਪਣੇ ਕਰੀਅਰ 'ਚ ਉਹ ਲਗਾਤਾਰ ਕਲਾਈ ਅਤੇ ਗੋਡੇ ਦੀ ਸੱਟ ਨਾਲ ਜੂਝਦੀ ਰਹੀ ਹੈ।