ਕੇ. ਐੱਲ. ਰਾਹੁਲ ਨੂੰ ਟੈਸਟ ਫਾਰਮੈਟ ਦਾ ਉਪ ਕਪਤਾਨ ਬਣਾਏ ਜਾਣ ''ਤੇ ਸਬਾ ਕਰੀਮ ਨੇ ਦਿੱਤੀ ਆਪਣੀ ਪ੍ਰਤੀਕਿਰਿਆ

Monday, Dec 20, 2021 - 06:27 PM (IST)

ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਟੀਮ ਇਸ ਸਮੇਂ ਦੱਖਣੀ ਅਫ਼ਰੀਕਾ ਦੌਰੇ 'ਤੇ ਹੈ ਤੇ ਟੀਮ ਪਹਿਲਾ ਟੈਸਟ 26 ਦਸੰਬਰ ਤੋਂ ਖੇਡੇਗੀ। ਇਸ ਦੌਰੇ ਤੋਂ ਪਹਿਲਾਂ ਜਿੱਥੇ ਰੋਹਿਤ ਸ਼ਰਮਾ ਨੂੰ ਟੀ-20 ਤੋਂ ਬਾਅਦ ਵਨ-ਡੇ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਉੱਥੇ ਹੀ ਅਜਿੰਕਯ ਰਹਾਣੇ ਦੀ ਜਗ੍ਹਾ ਭਾਰਤ ਨੂੰ ਕੇ. ਐੱਲ. ਰਾਹੁਲ ਦੇ ਰੂਪ 'ਚ ਨਵਾਂ ਟੈਸਟ ਉਪ ਕਪਤਾਨ ਮਿਲਿਆ। ਹਾਲ ਹੀ 'ਚ ਰਾਹੁਲ ਸ਼ਾਨਦਾਰ ਫ਼ਾਰਮ 'ਚ ਨਜ਼ਰ ਆਏ ਹਨ ਤੇ ਉਨ੍ਹਾਂ ਨੇ ਇੰਗਲੈਂਡ ਦੌਰੇ ਦੇ ਦੌਰਾਨ ਕੁਝ ਮਹੱਤਵਪੂਰਨ ਦੌੜਾਂ ਵੀ ਬਣਾਈਆਂ। ਰਾਹੁਲ ਨੂੰ ਸੀਮਿਤ ਓਵਰਾਂ ਦੀ ਟੀਮ ਦਾ ਵੀ ਉਪ ਕਪਤਾਨ ਬਣਾਇਆ ਗਿਆ ਹੈ। ਇਸ 'ਤੇ ਸਾਬਕਾ ਰਾਸ਼ਟਰੀ ਚੋਣਕਰਤਾ ਤੇ ਵਿਕਟਕੀਪਰ ਸਬਾ ਕਰੀਮ ਨੂੰ ਲਗਦਾ ਹੈ ਕਿ ਚੋਣਕਰਤਾਵਾਂ ਨੇ ਰਾਹੁਲ ਨੂੰ ਉਪ ਕਪਤਾਨ ਚੁਣ ਕੇ ਸਹੀ ਚੋਣ ਕੀਤੀ ਹੈ।

ਉਨ੍ਹਾਂ ਕਿਹਾ ਕਿ ਮੇਰੇ ਮੁਤਾਬਕ ਇਹ ਇਕਦਮ ਸਹੀ ਬਦਲ ਹੈ। ਇਹ ਸਹੀ ਹੈ ਕਿਉਂਕਿ ਕਈ ਵਾਰ ਚੋਣਕਰਤਾ ਟੀਮ ਪ੍ਰਬੰਧਨ ਨਾਲ ਗੱਲ ਕਰਦੇ ਹਨ ਕਿ ਉੱਥੋਂ ਕਿਸ ਤਰ੍ਹਾਂ ਦੀ ਪ੍ਰਤੀਕਿਰਿਆ ਆ ਰਹੀ ਹੈ, ਉਨ੍ਹਾਂ ਦੇ ਦਿਮਾਗ਼ 'ਚ ਕੀ ਚਲ ਰਿਹਾ ਹੈ ਕਿ ਭਵਿੱਖ 'ਚ ਕੌਣ ਟੀਮ ਦਾ ਸਮਰੱਥ ਆਗੂ ਹੋ ਸਕਦਾ ਹੈ ਤੇ ਇਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾ ਸਕਦਾ ਹੈ। ਕਰੀਮ ਨੇ ਇਹ ਵੀ ਕਿਹਾ ਕਿ ਭਾਰਤ ਦੇ ਟੈਸਟ ਕਪਤਾਨ ਕੋਹਲੀ ਵੀ ਇਸ ਫ਼ੈਸਲੇ ਨਾਲ ਖ਼ੁਸ਼ ਹੋਣਗੇ। ਰਾਹੁਲ ਨੇ ਫ਼ਰਵਰੀ 2020 'ਚ ਨਿਊਜ਼ੀਲੈਂਡ ਖ਼ਿਲਾਫ਼ ਪੰਜਵੇਂ ਟੀ20 ਕੌਮਾਂਤਰੀ ਮੈਚ 'ਚ ਭਾਰਤ ਦੀ ਕਪਤਾਨੀ ਕੀਤੀ ਸੀ।

ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ ਕਿ ਇਹ ਚੰਗਾ ਹੈ ਕਿ ਚੋਣਕਰਤਾਵਾਂ ਨੇ ਆਪਣਾ ਸਮਾਂ ਲਿਆ ਤੇ ਫਿਰ ਐਲਾਨ ਕੀਤਾ ਕਿ ਕੇ. ਐੱਲ. ਰਾਹੁਲ ਆਗਾਮੀ ਦੱਖਣੀ ਅਫ਼ਰੀਕੀ ਸੀਰੀਜ਼ 'ਚ ਉਪ ਕਪਤਾਨ ਹੋਣਗੇ। ਮੈਨੂੰ ਲਗਦਾ ਹੈ ਕਿ ਕਪਤਾਨ ਵਿਰਾਟ ਕੋਹਲੀ ਵੀ ਰੋਹਿਤ ਸ਼ਰਮਾ ਦੀ ਗ਼ੈਰ ਮੌਜੂਦਗੀ 'ਚ ਅਜਿਹਾ ਹੀ ਮੰਨਣਗੇ। ਉਨ੍ਹਾਂ ਅੱਗੇ ਕਿਹਾ, ਕੇ. ਐੱਲ. ਰਾਹੁਲ ਇਕ ਅਜਿਹੇ ਖਿਡਾਰੀ ਹਨ ਜੋ ਭਵਿੱਖ 'ਚ ਕਪਤਾਨੀ ਕਰ ਸਕਦੇ ਹਨ। ਉਨ੍ਹਾਂ ਨੇ ਪੰਜਾਬ ਕਿੰਗਜ਼ ਦੇ ਲਈ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਸ਼ਾਨਦਾਰ ਕਪਤਾਨੀ ਕੀਤੀ ਹੈ, ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਰਿਹਾ ਹੈ ਤੇ ਕੇ. ਐੱਲ. ਰਾਹੁਲ ਵਰਤਮਾਨ 'ਚ ਮਲਟੀ-ਫਾਰਮੈਟ ਖਿਡਾਰੀ ਹਨ।


Tarsem Singh

Content Editor

Related News