ਰੂਸ ਨੂੰ ਮੱਧ ਏਸ਼ੀਆਈ ਫੁੱਟਬਾਲ ਮੁਕਾਬਲੇ 'ਚ ਹਿੱਸਾ ਲੈਣ ਲਈ ਮਿਲਿਆ ਸੱਦਾ

Tuesday, Mar 14, 2023 - 03:45 PM (IST)

ਰੂਸ ਨੂੰ ਮੱਧ ਏਸ਼ੀਆਈ ਫੁੱਟਬਾਲ ਮੁਕਾਬਲੇ 'ਚ ਹਿੱਸਾ ਲੈਣ ਲਈ ਮਿਲਿਆ ਸੱਦਾ

ਸਿਓਲ (ਭਾਸ਼ਾ)- ਰੂਸ ਨੂੰ ਜੂਨ ਵਿੱਚ ਹੋਣ ਵਾਲੀ ਮੱਧ ਏਸ਼ੀਆਈ ਫੁੱਟਬਾਲ ਕਨਫੈਡਰੇਸ਼ਨ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਸੈਸ਼ਨ ਵਿੱਚ 7 ਹੋਰ ਰਾਸ਼ਟਰੀ ਟੀਮਾਂ ਦੇ ਨਾਲ ਹਿੱਸਾ ਲੈਣ ਲਈ ਸੱਦਾ ਦਿੱਤਾ ਗਿਆ ਹੈ। ਪਿਛਲੇ ਸਾਲ ਫਰਵਰੀ 'ਚ ਯੂਕ੍ਰੇਨ ਦੇ ਹਮਲੇ ਤੋਂ ਬਾਅਦ ਰੂਸ ਦੀ ਟੀਮ 'ਤੇ ਯੂਰਪੀ ਫੁੱਟਬਾਲ ਸੰਘ (ਯੂਏਫਾ) ਅਤੇ ਫੀਫਾ ਨੇ ਪਾਬੰਦੀ ਲਗਾ ਦਿੱਤੀ ਸੀ। ਤਜ਼ਾਕਿਸਤਾਨ ਫੁੱਟਬਾਲ ਫੈਡਰੇਸ਼ਨ ਨੇ ਹਾਲਾਂਕਿ ਸੋਮਵਾਰ ਨੂੰ ਕਿਹਾ ਕਿ ਇਸ ਨਵੇਂ ਖੇਤਰੀ ਟੂਰਨਾਮੈਂਟ ਵਿੱਚ ਰੂਸ ਤੋਂ ਇਲਾਵਾ ਪਹਿਲਾਂ ਤੋਂ ਸੋਵੀਅਤ ਸੰਘ ਦਾ ਹਿੱਸਾ ਰਹੇ ਤਜ਼ਾਕਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ ਅਤੇ ਕਿਰਗਿਸਤਾਨ ਦੀਆਂ ਟੀਮਾਂ ਸ਼ਾਮਲ ਹੋ ਸਕਦੀਆਂ ਹਨ।

ਇਨ੍ਹਾਂ ਵਿੱਚ ਅਫਗਾਨਿਸਤਾਨ, ਈਰਾਨ ਅਤੇ ਇੱਕ ਹੋਰ ਦੇਸ਼ (ਜਿਸ ਦੀ ਅਜੇ ਪੁਸ਼ਟੀ ਨਹੀਂ ਹੋਈ) ਸ਼ਾਮਲ ਹੋਣਗੇ। ਇਹ ਟੂਰਨਾਮੈਂਟ ਬਿਸ਼ਕੇਕ (ਕਿਰਗਿਸਤਾਨ) ਅਤੇ ਤਾਸ਼ਕੰਦ (ਉਜ਼ਬੇਕਿਸਤਾਨ) ਵਿੱਚ ਹੋਵੇਗਾ। ਤਜ਼ਾਕਿਸਤਾਨ ਫੁੱਟਬਾਲ ਫੈਡਰੇਸ਼ਨ ਮੁਤਾਬਕ ਰੂਸ ਨੇ ਪਹਿਲਾਂ ਹੀ ਸੱਦਾ ਸਵੀਕਾਰ ਕਰ ਲਿਆ ਹੈ। ਪਰ ਰੂਸ ਦੇ ਫੁੱਟਬਾਲ ਫੈਡਰੇਸ਼ਨ ਨੇ ਸਰਕਾਰੀ ਮੀਡੀਆ ਨੂੰ ਕਿਹਾ, "ਅਸੀਂ ਇਸ ਟੂਰਨਾਮੈਂਟ ਵਿੱਚ ਆਪਣੀ ਰਾਸ਼ਟਰੀ ਟੀਮ ਦੀ ਭਾਗੀਦਾਰੀ ਦੀਆਂ ਸੰਭਾਵਨਾਵਾਂ ਅਤੇ ਸ਼ਰਤਾਂ 'ਤੇ ਚਰਚਾ ਕਰ ਰਹੇ ਹਾਂ।"

ਜੇਕਰ ਰੂਸ ਇਸ ਟੂਰਨਾਮੈਂਟ 'ਚ ਹਿੱਸਾ ਲੈਂਦਾ ਹੈ ਤਾਂ ਉਸ ਦੇ ਏਸ਼ੀਆਈ ਫੁੱਟਬਾਲ ਕਨਫੈਡਰੇਸ਼ਨ (ਏ.ਐੱਫ.ਸੀ.) 'ਚ ਜੁੜਨ ਦੀ ਬਹਿਸ ਫਿਰ ਸ਼ੁਰੂ ਹੋ ਜਾਵੇਗੀ। ਦੇਸ਼ ਅੰਤਰਰਾਸ਼ਟਰੀ ਫੁੱਟਬਾਲ ਮੁਕਾਬਲੇ 'ਚ ਵਾਪਸੀ ਕਰਨਾ ਚਾਹੁੰਦਾ ਹੈ। ਰੂਸ ਨੇ ਪਿਛਲੇ ਸਾਲ ਧਮਕੀ ਦਿੱਤੀ ਸੀ ਕਿ ਉਹ ਯੂਏਫਾ ਨੂੰ ਛੱਡ ਕੇ ਏ.ਐੱਫ.ਸੀ. ਵਿੱਚ ਸ਼ਾਮਲ ਹੋ ਜਾਵੇਗਾ, ਪਰ ਇਸ ਸਾਲ ਜਨਵਰੀ ਵਿੱਚ ਦੇਸ਼ ਦੇ ਫੁੱਟਬਾਲ ਸੰਘ ਦੇ ਪ੍ਰਧਾਨ ਅਲੈਗਜ਼ੈਂਡਰ ਡਯੂਕੋਵ ਇਸ ਤੋਂ ਪਿੱਛੇ ਹੱਟ ਗਏ ਸਨ।


author

cherry

Content Editor

Related News