ਦੌੜਾਕ ਲਕਸ਼ਮਣਨ ਇਕ ਸਾਲ ’ਚ 3 ਵਾਰ ਸਥਾਨ ਸਬੰਧੀ ਨਿਯਮਾਂ ਦੀ ਉਲੰਘਣਾ ਲਈ ਪਾਬੰਦੀਸ਼ੁਦਾ

04/13/2024 11:40:38 AM

ਨਵੀਂ ਦਿੱਲੀ– ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਲੰਬੀ ਦੂਰੀ ਦੇ ਦੌੜਾਕ ਜੀ. ਲਕਸ਼ਮਣਨ ’ਤੇ 12 ਮਹੀਨਿਆਂ ਦੀ ਮਿਆਦ ਵਿਚ ਤਿੰਨ ਵਾਰ ਸਥਾਨ ਸਬੰਧੀ ਨਿਯਮਾਂ ਦੀ ਉਲੰਘਣਾ ਕਰਨ ਤੇ ਇਕ ਵਾਰ ਜਾਂਚ ਲਈ ਉਪਲੱਬਧ ਨਾ ਹੋਣ ’ਤੇ ਦੋ ਸਾਲ ਦੀ ਪਾਬੰਦੀ ਲਗਾਈ ਗਈ ਹੈ। ਲਕਸ਼ਮਣਨ ਨੇ 2017 ਏਸ਼ੀਆਈ ਚੈਂਪੀਅਨਸ਼ਿਪ ਵਿਚ 5000 ਮੀਟਰ ਤੇ 10,000 ਮੀਟਰ ਵਿਚ ਸੋਨ ਤਮਗਾ ਜਿੱਤਿਆ ਸੀ। ਉਹ 2022 ਵਿਚ ਤੀਜੀ (ਜੁਲਾਈ ਤੋਂ ਸਤੰਬਰ) ਤੇ ਚੌਥੀ (ਅਕਤੂਬਰ ਤੋਂ ਦਸੰਬਰ) ਤਿਮਾਹੀ ਦੌਰਾਨ ਆਪਣੇ ਮੌਜੂਦਾ ਸਥਾਨ ਦੀ ਜਾਣਕਾਰੀ ਦੇਣ ਵਿਚ ਅਸਫਲ ਰਿਹਾ ਤੇ 26 ਮਾਰਚ 2023 ਨੂੰ ਜਾਂਚ ਕਰਨ ਲਈ ਉਪਲੱਬਧ ਨਹੀਂ ਹੋਇਆ। ਲਕਸ਼ਮਣਨ ਨੂੰ 2022 ਵਿਚ ਨਾਡਾ ਨੂੰ ਰਜਿਸਟਰਡ ਟ੍ਰੇਨਿੰਗ ਪੂਲ (ਆਰ. ਟੀ. ਪੀ.) ਵਿਚ ਸ਼ਾਮਲ ਕੀਤਾ ਗਿਆ ਸੀ। ਨਾਡਾ ਦੇ 19 ਮਾਰਚ 2024 ਨੂੰ ਪਾਸ ਇਕ ਆਦੇਸ਼ ਦੇ ਮੁਤਾਬਕ ਨਾਡਾ ਦੇ ਡੋਪਿੰਗ ਰੋਕੂ ਅਨੁਸ਼ਾਸਨਾਤਮਕ ਪੈਨਲ (ਏ. ਡੀ. ਆਰ. ਵੀ.) ਨੇ ਉਸ ਨੂੰ 10 ਅਗਸਤ 2023 ਤੋਂ 2 ਸਾਲ ਲਈ ਪਾਬੰਦੀਸ਼ੁਦਾ ਕਰ ਦਿੱਤਾ ਹੈ। ਨਾਡਾ ਦੇ ਆਰ. ਟੀ. ਪੀ. ਵਿਚ ਸ਼ਾਮਲ ਐਥਲੀਟਾਂ ਨੂੰ ਹਰ ਤਿੰਨ ਮਹੀਨਿਆਂ ਵਿਚ ਆਪਣੇ ਮੌਜੂਦਾ ਸਥਾਨ ਦੀ ਜਾਣਕਾਰੀ ਦੇਣੀ ਪੈਂਦੀ ਹੈ। ਇਸ ਦੇ ਤਹਿਤ ਖਿਡਾਰੀਆਂ ਨੂੰ ਆਪਣੀਆਂ ਨਿਯਮਤ ਗਤੀਵਿਧੀਆਂ ਨੂੰ ਸਾਂਝਾ ਕਰਨ ਦੇ ਨਾਲ-ਨਾਲ ਹਰੇਕ ਦਿਨ 60 ਮਿੰਟ ਦੀ ਮਿਆਦ ਪ੍ਰਦਾਨ ਕਰਨੀ ਪੈਂਦੀ ਹੈ ਜਦੋਂ ਉਹ ਟ੍ਰੇਨਿੰਗ ਲਈ ਉਪਲੱਬਧ ਹੋਣ। ਆਰ. ਟੀ. ਪੀ. ਵਿਚ ਸ਼ਾਮਲ ਖਿਡਾਰੀ ਜੇਕਰ ਆਪਣੇ ਟਿਕਾਣੇ ਦੀ ਜਾਣਕਾਰੀ ਦਰਜ ਕਰਨ ਵਿਚ ਅਸਫਲ ਰਹਿੰਦਾ ਹੈ ਜਾਂ ਖੁਦ ਵੱਲੋਂ ਦਿੱਤੀ ਗਈ 60 ਮਿੰਟ ਦੀ ਵਿੰਡੋ (ਸਮਾਂ ਮਿਆਦ) ਦੌਰਾਨ ਉਪਲੱਬਧ ਨਹੀਂ ਹੁੰਦਾ ਤਾਂ ਉਸ ਨੂੰ ਸਥਾਨ ਸਬੰਧੀ ਨਿਯਮਾਂ ਦੀ ਅਸਫਲਤਾ ਮੰਨੀ ਜਾਂਦੀ ਹੈ। ਆਰ. ਟੀ. ਪੀ. ਖਿਡਾਰੀ ਵੱਲੋਂ 12 ਮਹੀਨਿਆਂ ਵਿਚ ਤਿੰਨ ਅਸਫਲਤਾਵਾਂ ਨੂੰ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ (ਏ. ਡੀ. ਆਰ.ਵੀ.) ਹੋਣਾ ਮੰਨਿਆ ਜਾ ਸਕਦਾ ਹੈ। ਅਜਿਹੇ ਵਿਚ ਉਸ ’ਤੇ ਪਾਬੰਦੀ ਲੱਗ ਸਕਦੀ ਹੈ। ਨਾਡਾ ਨੇ 10 ਅਗਸਤ 2023 ਨੂੰ ਲਕਸ਼ਮਣਨ ਨੂੰ ਇਕ ਨੋਟਿਸ ਜਾਰੀ ਕੀਤਾ, ਜਿਸ ਵਿਚ ਉਸ ਨੂੰ ਏ. ਡੀ. ਆਰ. ਵੀ. ਦੇ ਬਾਰੇ ਵਿਚ ਸੂਚਿਤ ਕੀਤਾ ਗਿਆ ਤੇ ਉਸ ਨੂੰ ਅਨੁਸ਼ਾਸਨਾਤਮਕ ਕਾਰਵਾਈ ਦੀ ਸਮਾਪਤੀ ਤਕ ਕਿਸੇ ਵੀ ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ’ਤੇ ਅਸਥਾਈ ਰੂਪ ਨਾਲ ਮੁਅੱਤਲ ਕਰ ਦਿੱਤਾ ਗਿਆ।


Aarti dhillon

Content Editor

Related News