6 ਮਹੀਨੇ ਤਕ ਨਜ਼ਰਬੰਦ ਰਹਿਣ ਤੋਂ ਬਾਅਦ ਰਿਹਾਅ ਹੋਇਆ ਰੋਨਾਲਡਿਨ੍ਹੋ
Tuesday, Aug 25, 2020 - 09:02 PM (IST)
ਆਸੁਨਸਿਓਨ– ਬ੍ਰਾਜ਼ੀਲ ਦੇ ਧਾਕੜ ਫੁੱਟਬਾਲਰ ਰੋਨਾਲਡਿਨ੍ਹੋ ਨੂੰ ਫਰਜੀ ਪਾਸਪੋਰਟ ਨਾਲ ਐਂਟਰੀ ਕਰਨ ਦੇ ਮਾਮਲੇ ਵਿਚ 6 ਮਹੀਨੇ ਤਕ ਨਜ਼ਰਬੰਦ ਰੱਖੇ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸੁਣਵਾਈ ਕਰਨ ਵਾਲੇ ਜੱਜ ਨੇ ਰੋਨਾਲਡਿਨ੍ਹੋ ਤੇ ਉਸਦੇ ਭਰਾ ਰੋਬਰਟੋ ਐਸਿਸ ਦੀ ਸਜਾ ਨੂੰ ਮੁਲਤਵੀ ਕੀਤਾ ਤੇ ਉਨ੍ਹਾਂ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ। ਰੋਨਾਲਡਿਨ੍ਹੋ ਤੇ ਐਸਿਸ ਨੂੰ ਇਕ ਮਹੀਨੇ ਤੋਂ ਵੱਧ ਜੇਲ ਵਿਚ ਬਿਤਾਉਣ ਤੋਂ ਬਾਅਦ 16 ਲੱਖ ਅਮਰੀਕੀ ਡਾਲਰ ਦਾ ਭੁਗਤਾਨ ਕਰਨ ਤੋਂ ਬਾਅਦ 4 ਸਿਤਾਰਾ ਪਲਮਾਰੋਗਾ ਹੋਟਲ ਵਿਚ ਰੱਖਿਆ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਦੋਵੇਂ ਭਰਾ ਹੁਣ ਮੰਗਲਵਾਰ ਨੂੰ ਰੀਓ ਡੀ ਜੇਨੇਰੀਓ ਲਈ ਰਵਾਨਾ ਹੋ ਸਕਦੇ ਹਨ।
ਜਾਂਚਕਰਤਾਵਾਂ ਦੇ ਨਾਲ ਸੌਦੇ ਦੀ ਸ਼ਰਤ ਦੇ ਤਹਿਤ ਰੋਨਾਲਡਿਨ੍ਹੋ 90,000 ਡਾਲਰ ਦੇ ਜੁਰਮਾਨੇ ਲਈ ਸਹਿਮਤ ਹੋਇਆ ਹੈ ਤੇ ਦੋ ਸਾਲ ਤਕ ਹਰ 3 ਮਹੀਨੇ ਵਿਚ ਉਸ ਨੂੰ ਬ੍ਰਾਜ਼ੀਲ ਦੇ ਇਕ ਸੰਘੀ ਜੱਜ ਦੇ ਸਾਹਮਣੇ ਪੇਸ਼ ਹੋਣਾ ਪਵੇਗਾ। ਐਸਿਸ ਨੂੰ 1,10,000 ਡਾਲਰ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਗਏ ਤੇ ਨਾਲ ਹੀ ਦੋ ਸਾਲ ਤਕ ਉਸ ਨੂੰ ਬ੍ਰਾਜ਼ੀਲ ਛੱਡਣ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਸਦੇ ਨਾਲ ਹੀ ਉਸ ਨੂੰ ਪੈਰਾਗਵੇ ਵਿਚ ਅਪਰਾਧਿਕ ਰਿਕਾਰਡ ਬਣਾਈ ਰੱਖਣਾ ਪਵੇਗਾ। ਜ਼ਿਕਰਯੋਗ ਹੈ ਕਿ ਰੋਨਾਲਡਿਨ੍ਹੋ ਤੇ ਉਸਦੇ ਭਰਾ ਐਸਿਸ ਨੂੰ ਪਿਛਲੇ ਸਾਲ ਮਾਰਚ ਵਿਚ ਫਰਜੀ ਪਾਸਪੋਰਟ ਨਾਲ ਦੇਸ਼ ਵਿਚ ਐਂਟਰੀ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ।