ਰੋਹਿਤ ਮੇਰਾ ਮਾਰਗਦਰਸ਼ਨ ਕਰਨਾ ਜਾਰੀ ਰੱਖੇਗਾ : ਹਾਰਦਿਕ ਪੰਡਯਾ

03/18/2024 7:14:53 PM

ਮੁੰਬਈ, (ਭਾਸ਼ਾ)- ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੇ ਸੋਮਵਾਰ ਨੂੰ ਕਿਹਾ ਕਿ ਉਸਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ’ਚ ਉਸਦਾ ਮਾਰਗਦਰਸ਼ਕ ਬਣਿਆ ਰਹੇਗਾ। ਪਿਛਲੇ ਦੋ ਸੈਸ਼ਨਾਂ ’ਚ ਗੁਜਰਾਤ ਟਾਇਟਨਸ ਦੀ ਅਗਵਾਈ ਕਰਨ ਵਾਲਾ ਪੰਡਯਾ 2024 ਸੈਸ਼ਨ ’ਚ ਮੁੰਬਈ ਇੰਡੀਅਨਜ਼ ਦੀ ਅਗਵਾਈ ਕਰੇਗਾ। ਮੁੰਬਈ ਇੰਡੀਅਨਜ਼ ਨੇ 5 ਖਿਤਾਬ ਦਿਵਾਉਣ ਵਾਲੇ ਰੋਹਿਤ ਨੂੰ ਹੈਰਾਨੀਜਨਕ ਤਰੀਕੇ ਨਾਲ ਕਪਤਾਨ ਅਹੁਦੇ ਤੋਂ ਹਟਾ ਕੇ ਪੰਡਯਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।

ਪੰਡਯਾ ਨੇ ਇਥੇ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਇਸ ਵਿਚ ਪਹਿਲਾਂ ਦੇ ਮੁਕਾਬਲੇ ਕੁਝ ਵੱਖਰਾ ਨਹੀਂ ਹੋਵੇਗਾ। ਉਹ ਮੇਰੀ ਮਦਦ ਲਈ ਹਮੇਸ਼ਾ ਮੌਜੂਦ ਰਹੇਗਾ। ਉਹ ਭਾਰਤੀ ਟੀਮ ਦਾ ਕਪਤਾਨ ਹੈ, ਇਹ ਮੇਰੇ ਲਈ ਮਦਦਗਾਰ ਹੋਵੇਗਾ ਕਿਉਂਕਿ ਇਸ ਟੀਮ ਨੇ ਅਜੇ ਤਕ ਜੋ ਵੀ ਹਾਸਲ ਕੀਤੀ ਹੈ, ਉਹ ਉਸਦੀ ਕਪਤਾਨੀ ’ਚ ਹਾਸਲ ਕੀਤਾ ਹੈ ਤੇ ਮੈਨੂੰ ਸਿਰਫ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਹੈ।’’

ਉਸ ਨੇ ਕਿਹਾ,‘‘ਮੈਨੂੰ ਨਹੀਂ ਲੱਗਦਾ ਕਿ ਇਹ ਮੇਰੇ ਲਈ ਵੱਖਰੇ ਤਰ੍ਹਾਂ ਦੀ ਸਥਿਤੀ ਹੋਵੇਗੀ। ਇਹ ਚੰਗਾ ਅਹਿਸਾਸ ਹੋਵੇਗਾ ਕਿਉਂਕਿ ਅਸੀਂ 10 ਸਾਲ ਤੋਂ ਇਕੱਠੇ ਖੇਡ ਰਹੇ ਹਾਂ। ਮੈਂ ਆਪਣੇ ਪੂਰੇ ’ਚ ਕਰੀਅਰ ਉਸਦੀ ਅਗਵਾਈ ’ਚ ਖੇਡਿਆ ਹਾਂ। ਮੈਨੂੰ ਉਮੀਦ ਹੈ ਕਿ ਉਹ ਮੇਰਾ ਸਮਰਥਨ ਤੇ ਮਾਰਗਦਰਸ਼ਨ ਕਰਨਾ ਜਾਰੀ ਰੱਖੇਗਾ।’’

ਪੰਡਯਾ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਗੁਜਰਾਤ ਟਾਈਟਨਸ ਦਾ ਸਾਥ ਛੱਡਣ ਤੇ ਮੁੰਬਈ ਇੰਡੀਅਨਜ਼ ਵਿਚ ਰੋਹਿਤ ਦੀ ਜਗ੍ਹਾ ਕਪਤਾਨ ਬਣਨ ’ਤੇ ਪ੍ਰਸ਼ੰਸਕਾਂ ਦੇ ਇਕ ਵਰਗ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਸੀ। ਉਸ ਨੇ, ‘‘ਪ੍ਰਸ਼ੰਸਕਾਂ ਦਾ ਉਹ ਵਿਦ੍ਰੋਹ, ਅਸੀਂ ਪ੍ਰਸ਼ੰਸਕਾਂ ਦਾ ਸਨਮਾਨ ਕਰਦੇ ਹਾਂ। ਇਸਦੇ ਨਾਲ ਹੀ ਅਸੀਂ ਖੇਡ ’ਤੇ ਧਿਆਨ ਕੇਂਦ੍ਰਿਤ ਕਰਦੇ ਹਾਂ ਤੇ ਜੋ ਜ਼ਰੂਰੀ ਹੈ, ਉਸ ’ਤੇ ਧਿਆਨ ਦਿੰਦੇ ਹਾਂ। ਮੈਂ ਉਨ੍ਹਾਂ ਚੀਜ਼ਾਂ ’ਤੇ ਧਿਆਨ ਦੇਣ ਦੀ ਕੋਸ਼ਿਸ਼ ਕਰਦਾ ਹਾਂ ਜਿਹੜਾ ਮੇਰੇ ਹੱਥ ਵਿਚ ਹੈ। ਪ੍ਰਸ਼ੰਸਕਾਂ ਕੋਲ ਹਰ ਅਧਿਕਾਰ ਹੈ ਤੇ ਮੈਂ ਉਨ੍ਹਾਂ ਦੇ ਵਿਚਾਰ ਦਾ ਸਨਮਾਨ ਕਰਦਾ ਹਾਂ।’’

ਪੰਡਯਾ ਨੇ ਕਿਹਾ ਕਿ ਟੀਮ ਦਾ ਕਪਤਾਨ ਨਿਯੁਕਤ ਹੋਣ ਤੋਂ ਬਾਅਦ ਉਹ ਰੋਹਿਤ ਨਾਲ ਪਿਛਲੇ ਦੋ ਮਹੀਨਿਆਂ ਤੋਂ ਮਿਲਿਆ ਨਹੀਂ ਹੈ। ਉਹ ਜਲਦੀ ਸ਼ੁਰੂ ਹੋਣ ਵਾਲੇ ਅਭਿਆਸ ਸੈਸ਼ਨ ’ਚ ਪਹਿਲੀ ਵਾਰ ਰੋਹਿਤ ਨਾਲ ਮਿਲੇਗਾ। ਉਸ ਨੇ ਰੋਹਿਤ ਨਾਲ ਮੁਲਾਕਾਤ ਦੇ ਬਾਰੇ ਵਿਚ ਪੁੱਛੇ ਜਾਣ ’ਤੇ ਕਿਹਾ,‘‘ਹਾਂ ਤੇ ਨਾ। ਉਹ ਸਫਰ ਕਰ ਰਿਹਾ ਹੈ ਤੇ ਰਾਸ਼ਟਰੀ ਟੀਮ ਲਈ ਖੇਡ ਰਿਹਾ ਹੈ।’’ ਉਸ ਨੇ ਕਿਹਾ, ‘‘ਅਸੀਂ ਪੇਸ਼ੇਵਰ ਹਾਂ। ਅਜੇ ਦੋ ਮਹੀਨੇ ਹੀ ਹੋਏ ਹਨ। ਅੱਜ ਅਸੀਂ ਅਭਿਆਸ ਮੈਚ ਖੇਡਾਂਗੇ। ਜਦੋਂ ਉਹ ਇਥੇ ਆਵੇਗਾ ਤਾਂ ਨਿਸ਼ਚਿਤ ਤੌਰ ’ਤੇ ਉਸ ਨਾਲ ਗੱਲਬਾਤ ਹੋਵੇਗੀ।’’

ਇਹ ਤਜਰਬੇਕਾਰ ਆਲਰਾਊਂਡਰ ਖਿਡਾਰੀ ਆਈ. ਪੀ. ਐੱਲ. ਦੇ ਨਾਲ ਚੋਟੀ ਪੱਧਰ ਦੀ ਕ੍ਰਿਕਟ ਵਿਚ ਵਾਪਸੀ ਕਰੇਗਾ। ਉਹ ਅਕਤੂਬਰ ਵਿਚ ਵਨ ਡੇ ਵਿਸ਼ਵ ਕੱਪ ਦੌਰਾਨ ਗਿੱਟੇ ਦੀ ਸੱਟ ਕਾਰਨ ਲੱਗਭਗ 3 ਮਹੀਨਿਆਂ ਤਕ ਖੇਡ ਤੋਂ ਦੂਰ ਰਿਹਾ। ਉਸ ਨੇ ਕਿਹਾ, ‘‘ਮੇਰੇ ਸਰੀਰ ਨੂੰ ਲੈ ਕੇ ਕੋਈ ਸਮੱਸਿਆ ਨਹੀਂ ਹੈ, ਮੈਂ ਸਾਰੇ ਮੈਚਾਂ ਨੂੰ ਖੇਡਣ ਦੀ ਯੋਜਨਾ ਬਣਾ ਰਿਹਾ ਹਾਂ। ਆਈ. ਪੀ. ਐੱਲ. ’ਚ ਮੈਂ ਵੈਸੇ ਵੀ ਜ਼ਿਆਦਾ ਮੈਚ ਨਹੀਂ ਗੁਆਏ ਹਨ। ਮੈਂ ਤਕਨੀਕੀ ਰੂਪ ਨਾਲ ਤਿੰਨ ਮਹੀਨਿਆਂ ਲਈ ਬਾਹਰ ਸੀ। ਇਹ ਇਕ ਅਜੀਬ ਸੱਟ ਸੀ ਤੇ ਇਸ ਦਾ ਮੇਰੀਆਂ ਪਹਿਲੀਆਂ ਦੀਆਂ ਸੱਟਾਂ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮੈਂ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ’ਚ ਜ਼ਖ਼ਮੀ ਹੋਇਆ ਸੀ।’’

ਇਸ 30 ਸਾਲ ਦੇ ਖਿਡਾਰੀ ਨੇ ਪਹਿਲੀ ਵਾਰ ਵੱਡੇ ਮੰਚ ’ਤੇ ਕਪਤਾਨੀ ਦਾ ਕੰਮ ਮਿਲਣ ਤੋਂ ਬਾਅਦ ਵੱਡੀ ਸਫਲਤਾ ਹਾਸਲ ਕਰਦੇ ਹੋਏ ਗੁਜਰਾਤ ਟਾਈਟਨਸ ਨੂੰ ਚੈਂਪੀਅਨ ਬਣਾਇਆ ਸੀ। ਹੁਣ ਮੁੰਬਈ ਦੀ ਫ੍ਰੈਂਚਾਈਜ਼ੀ ਨੂੰ ਉਸ ਤੋਂ ਅਜਿਹੀ ਉਮੀਦ ਹੋਵੇਗੀ।’’

ਉਸ ਨੇ ਕਿਹਾ,‘‘ਮੁੰਬਈ ਇੰਡੀਅਨਜ਼ ਤੋਂ ਉਮੀਦਾਂ ਹਮੇਸ਼ਾ ਰਹਿਣਗੀਆਂ। ਸਾਨੂੰ ਪ੍ਰਕਿਰਿਆ ’ਤੇ ਧਿਆਨ ਦੇਣਾ ਚਾਹੀਦਾ ਹੈ। ਮੈਂ ਕੱਲ ਨਹੀਂ ਜਿੱਤ ਸਕਦਾ, ਸਾਨੂੰ ਦੋ ਮਹੀਨੇ ਇੰਤਜ਼ਾਰ ਕਰਨਾ ਪਵੇਗਾ ਤੇ ਦੇਖਣਾ ਹੋਵੇਗਾ ਕਿ ਅਸੀਂ ਕਿਵੇਂ ਤਿਆਰੀ ਕਰਦੇ ਹਾਂ, ਕਿਵੇਂ ਇਕਜੁੱਟ ਹੁੰਦੇ ਹਾਂ। ਅਸੀਂ ਇਸ ਤਰ੍ਹਾਂ ਨਾਲ ਖੇਡਾਂਗੇ, ਜਿਸ ਦਾ ਆਨੰਦ ਹਰ ਕੋਈ ਮਾਣੇਗਾ।''


Tarsem Singh

Content Editor

Related News