ਦੂਜੇ ਟੈਸਟ ਤੋਂ ਪਹਿਲਾਂ ਐਕਸ਼ਨ ''ਚ ਰੋਹਿਤ, ਗੁਲਾਬੀ ਗੇਂਦ ਨਾਲ ਕੀਤਾ ਅਭਿਆਸ
Tuesday, Nov 26, 2024 - 11:34 AM (IST)
ਪਰਥ– ਭਾਰਤੀ ਕਪਤਾਨ ਰੋਹਿਤ ਸ਼ਰਮਾ ਪਿਤਾ ਬਣਨ ਦੇ ਛੁੱਟੀ ਤੋਂ ਬਾਅਦ ਪਰਥ ਪਹੁੰਚਣ ’ਤੇ ਤੁਰੰਤ ਨੈੱਟ ’ਤੇ ਅਭਿਆਸ ਕਰਨ ਪਹੁੰਚਿਆ ਜਦਕਿ ਕਾਰਜਕਾਰੀ ਕਪਤਾਨ ਜਸਪ੍ਰੀਤ ਬੁਮਰਾਹ ਦੀ ਅਗਵਾਈ ਵਾਲੀ ਟੀਮ ਇੰਡੀਆ ਨੇ ਸੋਮਵਾਰ ਨੂੰ ਇੱਥੇ ਸ਼ੁਰੂਆਤੀ ਟੈਸਟ ਵਿਚ ਆਸਟ੍ਰੇਲੀਆ ਨੂੰ ਰਿਕਾਰਡ 295 ਦੌੜਾਂ ਨਾਲ ਹਰਾਇਆ। ਕੁਝ ਦਿਨ ਪਹਿਲਾਂ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਰੋਹਿਤ ਐਤਵਾਰ ਸ਼ਾਮ ਨੂੰ ਪਰਥ ਪਹੁੰਚਿਆ ਤੇ ਉਹ ਆਸਟ੍ਰੇਲੀਅਨ ਧਰਤੀ ’ਤੇ ਭਾਰਤ ਦੀ ਸਭ ਤੋਂ ਵੱਡੀ ਟੈਸਟ ਜਿੱਤ ਦਾ ਗਵਾਹ ਬਣਨ ਲਈ ਡ੍ਰੈਸਿੰਗ ਰੂਮ ਵਿਚ ਮੌਜੂਦ ਸੀ। ਉਸ ਨੂੰ ਸੋਮਵਾਰ ਨੂੰ ਲੰਚ ਸੈਸ਼ਨ ਦੇ ਤੁਰੰਤ ਬਾਅਦ ਨੈੱਟ ’ਤੇ ਬੱਲੇਬਾਜ਼ੀ ਕਰਦੇ ਦੇਖਿਆ ਗਿਆ, ਜਿੱਥੇ ਉਸ ਨੇ ਗੁਲਾਬੀ ਗੇਂਦ ਨਾਲ ਰਿਜ਼ਰਵ ਤੇਜ਼ ਗੇਂਦਬਾਜ਼ਾਂ ਨਵਦੀਪ ਸੈਣੀ, ਯਸ਼ ਦਿਆਲ ਤੇ ਮੁਕੇਸ਼ ਕੁਮਾਰ ਦਾ ਸਾਹਮਣਾ ਕੀਤਾ।
6 ਦਸੰਬਰ ਤੋਂ ਸ਼ੁਰੂ ਹੋ ਰਿਹਾ ਦੂਜਾ ਟੈਸਟ ਡੇ-ਨਾਈਟ ਦਾ ਹੋਵੇਗਾ ਤੇ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਤਜਰਬੇਕਾਰ ਸਪਿਨਰ ਰਵਿੰਦਰ ਜਡੇਜਾ ਨੇ ਵੀ ਕੁਝ ਦੇਰ ਗੇਂਦਬਾਜ਼ੀ ਕੀਤੀ ਤੇ ਸੈਸ਼ਨ ਦੌਰਾਨ ਉਸ ਨੇ ਨੁਵਾਨ ਸੇਨਾਵਿਰਤਨੇ ਦੀ ‘ਥ੍ਰੋਅ ਡਾਊਨ’ ਤੇ ਪੁਲ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ। ਮੈਚ ਵਿਚ 8 ਵਿਕਟਾਂ ਲੈਣ ਲਈ ਮੈਚ ਦੇ ਸਰਵਸ੍ਰੇਸ਼ਠ ਖਿਡਾਰੀ ਚੁਣੇ ਗਏ ਬੁਮਰਾਹ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਕਪਤਾਨ ਦਾ ਸਵਾਗਤ ਕੀਤਾ।
ਰੋਹਿਤ ਲੈਅ ਵਿਚ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਨੈੱਟ ਸੈਸ਼ਨ ਦੌਰਾਨ ਉਸ ਨੇ ਕੁਝ ਸ਼ਾਨਦਾਰ ਸ਼ਾਟਾਂ ਖੇਡੀਆਂ ਜਦਕਿ ਕੁਝ ਮੌਕਿਆਂ ’ਤੇ ਖੁੰਝ ਗਿਆ। ਭਾਰਤੀ ਟੀਮ 30 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਦੋ ਦਿਨਾ ਅਭਿਆਸ ਮੈਚ ਲਈ ਬੁੱਧਵਾਰ ਨੂੰ ਕੈਨਬਰਾ ਜਾਵੇਗੀ। ਇਸ ਅਭਿਆਸ ਮੈਚ ਨੂੰ ਪਹਿਲੀ ਸ਼੍ਰੇਣੀ ਦਾ ਦਰਜਾ ਪ੍ਰਾਪਤ ਨਹੀਂ ਹੈ। ਹਾਲਾਂਕਿ ਇਹ ਮੈਚ ਮਹੱਤਵਪੂਨ ਹੋਵੇਗਾ ਕਿਉਂਕਿ ਇਹ ਗੁਲਾਬੀ ਗੇਂਦ ਨਾਲ ਹੋਣ ਵਾਲਾ ਡੇ-ਨਾਈਟ ਮੁਕਾਬਲਾ ਹੈ ਜਿਹੜਾ 6 ਦਸੰਬਰ ਤੋਂ ਐਡੀਲੇਡ ਵਿਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਦੀਆਂ ਤਿਆਰੀਆਂ ਲਈ ਅਹਿਮ ਹੋਵੇਗਾ। ਰੋਹਿਤ ਦੇ ਕੈਨਬਰਾ ਵਿਚ ਇਸ ਮੈਚ ਵਿਚ ਖੇਡਣ ਦੀ ਉਮੀਦ ਹੈ।