ਧੋਨੀ ਦੀ ਵਾਪਸੀ ''ਤੇ ਰੋਹਿਤ ਦਾ ਹੈਰਾਨ ਕਰਨ ਵਾਲਾ ਜਵਾਬ, ਕਿਹਾ- ਰਾਂਚੀ ਜਾ ਕੇ ਪੁੱਛੋ
Friday, Apr 24, 2020 - 11:29 AM (IST)

ਨਵੀਂ ਦਿੱਲੀ : ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਵਨ ਡੇ ਵਰਲਡ ਕੱਪ ਸੈਮੀਫਾਈਨਲ ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨਹੀਂ ਖੇਡ ਰਹੇ ਹਨ। ਨਿਊਜ਼ੀਲੈਂਡ ਖਿਲਾਫ ਸੈਮੀਫਾਈਨਲ ਵਿਚ 50 ਦੌੜਾਂ ਬਣਾਉਣ ਤੋਂ ਬਾਅਦ ਮਾਹੀ ਆਊਟ ਹੋ ਗਏ ਸੀ ਅਤੇ ਟੀਮ ਇੰਡੀਆ 18 ਦੌੜਾਂ ਨਾਲ ਮੈਚ ਹਾਰ ਗਈ ਸੀ। ਇਸ ਦੇ ਬਾਅਦ ਤੋਂ ਧੋਨੀ ਪੇਸ਼ੇਵਰ ਕ੍ਰਿਕਟ ਤੋਂ ਦੂਰ ਹਨ। ਕੋਰੋਨਾ ਵਾਇਰਸ ਕਾਰਨ ਦੁਨੀਆ ਦੇ ਕਈ ਦੇਸ਼ਾਂ ਵਿਚ ਲਾਕਡਾਊਨ ਹੈ। ਅਜਿਹੇ 'ਚ ਖਿਡਾਰੀ ਸੋਸ਼ਲ ਮੀਡੀਆ ਦੇ ਜ਼ਰੀਏ ਫੈਂਸ ਨਾਲ ਜੁੜ ਰਹੇ ਹਨ। ਟੀਮ ਇੰਡੀਆ ਦੇ ਉਪਕਪਤਾਨ ਰੋਹਿਤ ਸ਼ਰਮਾ ਅਤੇ ਆਫ ਸਪਿਨਰ ਹਰਭਜਨ ਸਿੰਘ ਇੰਸਟਾਗ੍ਰਾਮ 'ਤੇ ਲਾਈਵ ਚੈਟ ਵਿਚ ਗੱਲਬਾਤ ਕੀਤੀ। ਇਸ ਦੌਰਾਨ ਇਕ ਫੈਨ ਨੇ ਧੋਨੀ ਦੇ ਭਵਿੱਖ ਨੂੰ ਲੈ ਕੇ ਸਵਾਲ ਪੁੱਛਿਆ।
ਇਸ 'ਤੇ ਰੋਹਿਤ ਨੇ ਕਿਹਾ, ''ਧੋਨੀ ਜਦੋਂ ਕ੍ਰਿਕਟ ਨਹੀਂ ਖੇਡਦੇ ਹਨ ਤਾਂ ਕਿਸੇ ਦੇ ਹੱਥ ਨਹੀਂ ਆਉਂਦੇ ਹਨ। ਇਕਦਮ ਅੰਡਰਗ੍ਰਾਊਂਡ ਹੋ ਜਾਂਦੇ ਹਨ। ਲੋਕਾਂ ਨੂੰ ਉਸ ਦੇ ਘਰ ਜਾ ਕੇ ਪੁੱਛਣਾ ਚਾਹੀਦਾ ਹੈ। ਫਲਾਈਟ ਜਾਂ ਟ੍ਰੇਨ ਦੀ ਟਿਕਟ ਕਟਾਓ ਅਤੇ ਰਾਂਚੀ ਜਾ ਕੇ ਪੁੱਛੋ। ਸਾਨੂੰ ਵੀ ਉਸ ਦੇ ਬਾਰੇ ਕੁਝ ਨਹੀਂ ਪਤਾ।''
ਇਸੇ ਸਵਾਲ 'ਤੇ ਹਰਭਜਨ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਹੈ ਕਿ ਉਹ ਇੰਡੀਆ ਦੇ ਲਈ ਖੇਡਣਾ ਚਾਹੁੰਦਾ ਹੈ। ਇਹ ਉਸਦਾ ਫੈਸਲਾ ਹੋਵੇਗਾ। ਮੈਨੂੰ ਲਗਦਾ ਹੈ ਕਿ ਉਹ ਬਲਿਊ ਜਰਸੀ ਨਹੀਂ ਪਹਿਨੇਗਾ। ਮੈਨੂੰ ਲਗਦਾ ਹੈ ਉਸ ਨੇ ਸੋਚਿਆ ਸੀ ਕਿ ਵਰਲਡ ਕੱਪ ਦਾ ਆਖਰੀ ਮੈਚ ਉਸਦਾ ਆਖਰੀ ਮੈਚ ਹੋਵੇਗਾ।