ਰੋਹਿਤ, ਕੋਹਲੀ ਤੇ ਪੰਤ ਹੋਣਗੇ ਬਾਰਡਰ-ਗਾਵਸਕਰ ਟ੍ਰਾਫੀ ’ਚ ਵੱਡੇ ਖਿਡਾਰੀ : ਲਿਓਨ
Thursday, Sep 12, 2024 - 10:34 AM (IST)
ਮੁੰਬਈ- ਆਸਟ੍ਰੇਲੀਆ ਦੇ ਤਜਰਬੇਕਾਰ ਸਪਿਨਰ ਨਾਥਨ ਲਿਓਨ ਦਾ ਕਹਿਣਾ ਹੈ ਕਿ ਆਉਂਦੀ ਬਾਰਡਰ-ਗਾਵਸਕਰ ਟ੍ਰਾਫੀ ਟੈਸਟ ਸੀਰੀਜ਼ ’ਚ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਦਾ ਪ੍ਰਦਰਸ਼ਨ ਦੇਖਣ ਯੋਗ ਹੋਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 5 ਟੈਸਟ ਮੈਚਾਂ ਦੀ ਸੀਰੀਜ਼ 22 ਨਵੰਬਰ ਤੋਂ ਆਸਟ੍ਰੇਲੀਆ ’ਚ ਸ਼ੁਰੂ ਹੋਣ ਵਾਲੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੈ।
ਉਨ੍ਹਾਂ ਕਿਹਾ, “ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਿਸ਼ਭ ਪੰਤ ਸ਼ਾਇਦ 3 ਬਹੁਤ ਵੱਡੇ ਖਿਡਾਰੀ ਹੋਣਗੇ ਪਰ ਫਿਰ ਵੀ ਤੁਹਾਡੇ ਕੋਲ ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਹਨ। ਮੈਨੂੰ ਨਹੀਂ ਪਤਾ ਕਿ ਬਾਕੀ 5 ਖਿਡਾਰੀ ਕੌਣ ਹੋਣਗੇ।’ ਹਾਲਾਂਕਿ ਲਿਓਨ ਨੂੰ ਭਰੋਸਾ ਹੈ ਕਿ ਜੇਕਰ ਆਸਟ੍ਰੇਲੀਆਈ ਟੀਮ ਲੰਬੇ ਸਮੇਂ ਤੱਕ ਗੇਂਦਬਾਜ਼ੀ ਇਕਾਈ ਦੇ ਰੂਪ ’ਚ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਇਹ ਉਨ੍ਹਾਂ ਲਈ ਫਾਇਦੇਮੰਦ ਹੋਵੇਗਾ।
2014-15 ’ਚ ਆਸਟ੍ਰੇਲੀਆਈ ਟੀਮ ਘਰੇਲੂ ਮੈਦਾਨ ’ਚ ਆਪਣੀ ਪਿਛਲੀ ਸੀਰੀਜ਼ ਜਿੱਤਣ ਤੋਂ ਬਾਅਦ ਕੋਈ ਵੀ ਸੀਰੀਜ਼ ਜਿੱਤਣ ’ਚ ਅਸਫਲ ਰਹੀ ਹੈ। ਉਦੋਂ ਤੋਂ ਭਾਰਤੀਆਂ ਨੇ ਲਗਾਤਾਰ 4 ਮੌਕਿਆਂ ’ਤੇ ਲੜੀ ਜਿੱਤੀ ਹੈ, 2 ਵਾਰ ਘਰੇਲੂ ਮੈਦਾਨ ’ਤੇ ਅਤੇ 2 ਵਾਰ ਵਿਰੋਧੀ ਦੇ ਮੈਦਾਨ ’ਤੇ ਜੋ ਬਾਰਡਰ-ਗਾਵਸਕਰ ਟਰਾਫੀ ਲਈ ਇਕ ਰਿਕਾਰਡ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਆਸਟ੍ਰੇਲੀਆ ’ਚ ਟੈਸਟ ਸੀਰੀਜ਼ ਜਿੱਤਣ ਵਾਲੀ ਇਕਲੌਤੀ ਏਸ਼ੀਆਈ ਟੀਮ ਵੀ ਬਣੀ ਅਤੇ ਟੀਮ ਨੇ ਕਈ ਮੌਕਿਆਂ ’ਤੇ ਖਿਤਾਬ ਜਿੱਤਿਆ। ਕੁਲ ਮਿਲਾ ਕੇ ਜੇਕਰ ਅਸੀਂ ਬਾਰਡਰ-ਗਾਵਸਕਰ ਟਰਾਫੀ ਦੀ ਗੱਲ ਕਰੀਏ ਤਾਂ ਭਾਰਤ ਸਭ ਤੋਂ ਸਫਲ ਟੀਮ ਹੈ ਜਿਸ ਨੇ ਇਸ ਨੂੰ 10 ਵਾਰ ਜਿੱਤਿਆ ਹੈ ਅਤੇ ਇਕ ਵਾਰ ਖਿਤਾਬ ਵੀ ਬਰਕਰਾਰ ਰੱਖਿਆ ਹੈ।