ਗੋਡੇ ਦੇ ਆਪਰੇਸ਼ਨ ਦੇ ਕਾਰਨ ਯੂ. ਐੱਸ. ਓਪਨ ਨਹੀਂ ਖੇਡਣਗੇ ਫ਼ੈਡਰਰ, ਵਾਪਸੀ ਦੀ ਮਾਮੂਲੀ ਉਮੀਦ
Monday, Aug 16, 2021 - 07:27 PM (IST)
ਬਾਸੇਲ— ਰੋਜਰ ਫੈਡਰਰ ਸੱਜੇ ਗੋਡੇ ਦੇ ਤੀਜੇ ਆਪਰੇਸ਼ਨ ਕਾਰਨ ਅਮਰੀਕੀ ਓਪਨ ਨਹੀਂ ਖੇਡਣਗੇ ਤੇ ਉਨ੍ਹਾਂ ਨੂੰ ਕਈ ਮਹੀਨੇ ਟੈਨਿਸ ਤੋਂ ਦੂਰ ਰਹਿਣ ਦੇ ਬਾਵਜੂਦ ਵਾਪਸੀ ਦੀ ਮਾਮੂਲੀ ਹੀ ਸਹੀ ਪਰ ਉਮੀਦ ਹੈ। ਫ਼ੈਡਰਰ ਨੇ ਐਤਵਾਰ ਨੂੰ ਦਿੱਤੇ ਆਪਣੇ ਸੰਦੇਸ਼ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੈਂ ਕਈ ਡਾਕਟਰਾਂ ਨੂੰ ਦਿਖਾਇਆ ਹੈ ਤੇ ਹਰ ਤਰ੍ਹਾਂ ਦੀ ਜਾਣਕਾਰੀ ਲਈ ਹੈ। ਮੇਰਾ ਗੋਡਾ ਗ੍ਰਾਸਕੋਰਟ ਸੈਸ਼ਨ ਤੇ ਵਿੰਬਲਡਨ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਿਆ।
ਉਨ੍ਹਾਂ ਕਿਹਾ ਕਿ ਮੈਨੂੰ ਸਰਜਰੀ ਦੀ ਜ਼ਰੂਰਤ ਹੈ ਤੇ ਮੈਂ ਉਨ੍ਹਾਂ ਦੀ ਰਾਏ ਮੰਨਣ ਦਾ ਫ਼ੈਸਲਾ ਕੀਤਾ ਹੈ। ਮੈਂ ਕਈ ਹਫਤਿਆਂ ਤਕ ਬੈਸਾਖੀਆਂ ’ਤੇ ਰਹਾਂਗਾ ਤੇ ਕਈ ਮਹੀਨੇ ਟੈਨਿਸ ਤੋਂ ਦੂਰ ਵੀ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ 40 ਸਾਲਾ ਫੈਡਰਰ ਨੇ ਸਵੀਕਾਰ ਕੀਤਾ ਕਿ ਸ਼ਾਇਦ ਉਨ੍ਹਾਂ ਦਾ ਕਰੀਅਰ ਪੂਰਾ ਹੋ ਚੁੱਕਾ ਹੈ ਪਰ ਉਨ੍ਹਾਂ ਕਿਹਾ ਕਿ ਉਹ ਇਕ ਹੋਰ ਵਾਪਸੀ ਦੇ ਟੀਚੇ ਦੇ ਨਾਲ ਗੋਡੇ ਦਾ ਇਲਾਜ ਕਰਾ ਰਹੇ ਹਨ। ਮੈਂ ਸਵਸਥ ਰਹਿਣਾ ਚਾਹੁੰਦਾ ਹਾਂ। ਮੈਂ ਖ਼ੁਦ ਨੂੰ ਉਮੀਦ ਦੀ ਇਕ ਕਿਰਨ ਦੇਣਾ ਚਾਹੁੰਦਾ ਹਾਂ ਕਿ ਮੈਂ ਟੂਰ ’ਚ ਵਾਪਸੀ ਕਰ ਸਕਾਂਗਾ।