ਥੀਏਮ ਤੋਂ ਹਾਰੇ ਫੈਡਰਰ, ATP ਫਾਈਨਲਸ ਤੋਂ ਬਾਹਰ ਹੋਣ ਦਾ ਖ਼ਤਰਾ
Monday, Nov 11, 2019 - 01:21 PM (IST)

ਲੰਡਨ— ਡੋਮਿਨਿਕ ਥੀਏਮ ਤੋਂ ਹਾਰ ਦੇ ਕਾਰਨ ਰੋਜਰ ਫੈਡਰਰ ਲਈ ਏ. ਟੀ. ਪੀ. ਫਾਈਨਲਸ ਦੇ ਅੰਤਿਮ ਚਾਰ 'ਚ ਪਹੁੰਚਣ ਦਾ ਰਸਤਾ ਮੁਸ਼ਕਲ ਹੋ ਗਿਆ ਹੈ ਜਦਕਿ ਨੋਵਾਕ ਜੋਕੋਵਿਚ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰਖਿਆ ਹੈ। ਟੂਰਨਾਮੈਂਟ ਦੇ ਪਹਿਲੇ ਦਿਨ 6 ਵਾਰ ਦੇ ਚੈਂਪੀਅਨ ਫੈਡਰਰ ਨੂੰ ਥੀਏਮ ਨੇ 7-5, 7-5 ਨਾਲ ਹਰਾਇਆ ਜਦਕਿ ਜੋਕੋਵਿਚ ਨੇ ਇਸ ਤੋਂ ਪਹਿਲਾਂ ਬਿਓਰਨ ਬੋਰਗ ਗਰੁੱਪ 'ਚ ਮੈਟੀਓ ਬੇਰੇਟਿਨੀ ਨੂੰ ਆਸਾਨੀ ਨਾਲ 6-2, 6-1 ਨਾਲ ਹਰਾਇਆ। ਹਰੇਕ ਗਰੁੱਪ ਤੋਂ ਦੋ ਖਿਡਾਰੀ ਅੱਗੇ ਵਧਣਗੇ। ਫੈਡਰਰ ਨੂੰ ਹੁਣ ਜੋਕੋਵਿਚ ਨਾਲ ਭਿੜਨਾ ਹੈ। ਖਿਤਾਬ ਦੇ ਹੋਰ ਮਜ਼ਬੂਤ ਦਾਅਵੇਦਾਰ ਰਾਫੇਲ ਨਡਾਲ ਨੂੰ ਆਂਦਰੇ ਆਗਾਸੀ ਗਰੁੱਪ 'ਚ ਰੱਖਿਆ ਗਿਆ ਹੈ। ਉਨ੍ਹਾਂ ਦਾ ਪਹਿਲਾ ਮੁਕਾਬਲਾ ਮੌਜੂਦਾ ਚੈਂਪੀਅਨ ਅਲੈਕਸਾਂਦਰ ਜਵੇਰੇਵ ਨਾਲ ਹੋਵੇਗਾ।