ਰੀਗਾ ਯੂਨੀਵਰਸਿਟੀ ਇੰਟਰਨੈਸ਼ਨਲ ਸ਼ਤਰੰਜ : ਦੂਜਾ ਦਰਜਾ ਪ੍ਰਾਪਤ ਨਿਹਾਲ ਨੇ ਜਿੱਤ ਨਾਲ ਕੀਤੀ ਸ਼ੁਰੂਆਤ
Tuesday, Aug 10, 2021 - 06:45 PM (IST)
ਰੀਗਾ, ਲਾਤਵੀਆ (ਨਿਕਲੇਸ਼ ਜੈਨ)— ਕੋਵਿਡ ਦੇ ਪ੍ਰਭਾਵ ਦੇ ਬਾਵਜੂਦ ਹੌਲੇ-ਹੌਲੇ ਸ਼ਤਰੰਜ ਦੀ ਦੁਨੀਆ ’ਚ ਟੂਰਨਾਮੈਂਟਾਂ ਦੀ ਵਾਪਸੀ ਹੋ ਰਹੀ ਹੈ। ਇਸੇ ਕ੍ਰਮ ’ਚ ਦੁਨੀਆ ਦੇ 29 ਦੇਸ਼ਾਂ ਦੇ 176 ਖਿਡਾਰੀਆਂ ਦਰਮਿਆਨ ਰੀਗਾ ਯੂਨੀਵਰਸਿਟੀ ਇੰਟਰਨੈਸ਼ਨਲ ਸ਼ਤਰੰਜ ਟੂਰਨਾਮੈਂਟ ਦੀ ਸ਼ੁਰੂਆਤ ਹੋ ਗਈ ਹੈ। ਭਾਰਤ ਦੇ 17 ਸਾਲਾ ਯੁਵਾ ਗ੍ਰੈਂਡ ਮਾਸਟਰ ਨਿਹਾਲ ਸਰੀਨ ਨੂੰ ਪ੍ਰਤੀਯੋਗਿਤਾ ’ਚ ਦੂਜਾ ਦਰਜਾ ਦਿੱਤਾ ਗਿਆ ਹੈ।
ਪਿਛਲੇ ਹਫ਼ਤੇ ਹੀ ਵਿਸ਼ਵ ਸ਼ਤਰੰਜ ਸੰਘ ਵੱਲੋਂ ਜਾਰੀ ਕੀਤੀ ਗਈ ਫੀਡੇ ਰੇਟਿੰਗ ’ਚ ਨਿਹਾਲ ਲੰਬੀ ਛਾਲ ਮਾਰਦੇ ਹੋਏ 2655 ਅੰਕਾਂ ਦੇ ਨਾਲ ਦੁਨੀਆ ਦੇ ਚੋਟੀ ਦੇ 100 ’ਚੋਂ 88ਵੇਂ ਸਥਾਨ ’ਤੇ ਪਹੁੰਚ ਗਏ ਹਨ ਤੇ ਇਹ 17 ਸਾਲਾਂ ’ਚ ਕਿਸੇ ਵੀ ਭਾਰਤੀ ਵੱਲੋਂ ਹਾਸਲ ਕੀਤੀ ਗਈ ਅਜੇ ਤਕ ਦੀ ਸਰਵਸ੍ਰੇਸ਼ਠ ਰੇਟਿੰਗ ਹੈ।
ਪਹਿਲੇ ਰਾਊਂਡ ’ਚ ਨਿਹਾਲ ਨੇ ਆਇਰਲੈਂਡ ਦੀ ਤ੍ਰਿਸ਼ਾ ਕੰਨਿਆਮਰਾਲਾ ਨੂੰ ਹਰਾਉਂਦੇ ਹੋਏ ਚੰਗੀ ਸ਼ੁਰੂਆਤ ਕੀਤੀ ਹੈ। ਹਾਲਾਂਕਿ ਪ੍ਰਤੀਯੋਗਿਤਾ ’ਚ ਖੇਡ ਰਹੇ ਚੌਥਾ ਦਰਜਾ ਪ੍ਰਾਪਤ ਮਾਸਟਰ ਐੱਸ. ਪੀ. ਸੇਤੁਰਮਨ ਨੂੰ ਮੇਜ਼ਬਾਨ ਲਾਤਵੀਆ ਦੇ 91ਵਾਂ ਦਰਜਾ ਪ੍ਰਾਪਤ ਸਾਲਨਾ ਅਲੇਕਸਾਂਦਰ੍ਰਾਸ ਨੇ ਹਰਾ ਕੇ ਵੱਡਾ ਉਲਟਫੇਰ ਕਰ ਦਿੱਤਾ। ਹੋਰਨਾਂ ਭਾਰਤੀ ਗ੍ਰੈਂਡ ਮਾਸਟਰ ਅਰਵਿੰਦ ਚਿਦਾਂਬਰਮ, ਐੱਸ. ਐੱਲ ਨਾਰਾਇਣਨ , ਅਭਿਮਨਿਊ ਪੌਰਾਣਿਕ, ਵਿਕਾਸ ਐੱਨ. ਆਰ., ਅਰਜੁਨ ਕਲਿਆਣ ਤੇ ਰਾਜਾ ਹਰਸ਼ਿਤ ਨੇ ਜਿੱਤ ਦੇ ਨਾਲ ਸ਼ੁਰੂਆਤ ਕੀਤੀ ਹੈ। ਜਦਕਿ ਮੁਰਲੀ ਕਾਰਤੀਕੇਯਨ, ਆਰ. ਪ੍ਰਗਿਆਨੰਧਾ ਤੇ ਗੁਕੇਸ਼ ਨੂੰ ਪਹਿਲੇ ਦਿਨ ਆਪਣੇ ਤੋਂ ਘੱਟ ਦਰਜਾ ਪ੍ਰਾਪਤ ਖਿਡਾਰੀਆਂ ਨਾਲ ਅੱਧਾ ਅੰਕ ਵੰਡਣਾ ਪਿਆ ਹੈ।