ਤੀਜੇ ਡਿਵੀਜ਼ਨ ਦੇ ਕਲੱਬ ਤੋਂ ਹਾਰਿਆ ਰੀਅਲ ਮੈਡ੍ਰਿਡ
Friday, Jan 22, 2021 - 01:53 AM (IST)
ਮੈਡ੍ਰਿਡ– ਰੀਅਲ ਮੈਡ੍ਰਿਡ ਤੀਜੇ ਡਿਵੀਜ਼ਨ ਦੇ ਕਲੱਬ ਅਲਕੋਯਾਨੋ ਤੋਂ ਹਾਰ ਕੇ ਕੋਪਾ ਡੇਲ ਰੇ ਫੁੱਟਬਾਲ ਟੂਰਨਾਮੈਂਟ ਵਿਚੋਂ ਬਾਹਰ ਹੋ ਗਿਆ। ਅਲਕੋਯਾਨੋ ਦੀ ਟੀਮ ਆਖਰੀ ਪਲਾਂ ਵਿਚ 10 ਖਿਡਾਰੀਆਂ ਨਾਲ ਖੇਡ ਰਹੀ ਸੀ ਪਰ ਇਸ ਦੇ ਬਾਵਜੂਦ ਉਸ ਨੇ ਰੀਅਲ ਮੈਡ੍ਰਿਡ ’ਤੇ 2-1 ਨਾਲ ਜਿੱਤ ਦਰਜ ਕੀਤੀ। ਰੀਅਲ ਨੇ ਐਡਿਰ ਮਿਲਿਤਾਓ ਦੇ 45ਵੇਂ ਮਿੰਟ ਵਿਚ ਕੀਤੇ ਗਏ ਗੋਲ ਨਾਲ ਬੜ੍ਹਤ ਬਣਾਈ ਪਰ ਪੂਰਬੀ ਸਪੇਨ ਦੇ ਛੋਟੇ ਜਿਹੇ ਕਲੱਬ ਅਲਕੋਯਾਨੋ ਵਲੋਂ 80ਵੇਂ ਮਿੰਟ ਵਿਚ ਜੋਸ ਸੋਲਬੇਸ ਨੇ ਬਰਾਬਰੀ ਦਾ ਗੋਲ ਕਰ ਦਿੱਤਾ। ਇਸ ਤੋਂ 5 ਮਿੰਟ ਪਹਿਲਾਂ ਉਸਦੀ ਟੀਮ 10 ਖਿਡਾਰੀਆਂ ਨਾਲ ਖੇਡ ਰਹੀ ਸੀ। ਇਸ ਜਿੱਤ ਨਾਲ ਅਲਕੋਯਾਨੋ ਨੇ ਆਖਰੀ-16 ਵਿਚ ਜਗ੍ਹਾ ਬਣਾਈ। ਇਸ ਕਲੱਬ ਨੇ 1946 ਵਿਚ ਕੋਪਾ ਕੁਆਰਟਰ ਫਾਈਨਲ ਵਿਚ ਜਗਾ ਬਣਾਈ ਸੀ। ਉਥੇ ਹੀ ਸਪੈਨਿਸ਼ ਫੁੱਟਬਾਲ ਲੀਗ ਦੇ ਪਹਿਲੇ ਡਿਵੀਜ਼ਨ ਵਿਚ ਆਖਰੀ ਵਾਰ 1950-51 ਵਿਚ ਖੇਡਿਆ ਸੀ। ਰੀਅਲ ਮੈਡ੍ਰਿਡ 2014 ਤੋਂ ਬਾਅਦ ਕੋਪਾ ਖਿਤਾਬ ਨਹੀਂ ਜਿੱਤ ਸਕਿਆ। ਇਸ ਤੋਂ ਪਹਿਲਾਂ ਰੀਅਲ ਸੋਸੀਡਾਡ ਨੇ ਵਿਲੀਅਮ ਜੋਸ ਦੇ ਦੂਜੇ ਹਾਫ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਤੀਜੇ ਡਿਵੀਜ਼ਨ ਦੇ ਕਲੱਬ ਕੋਰਡੋਬਾ ਨੂੰ 2-0 ਨਾਲ ਹਰਾਇਆ।