RCB vs GT : ਵਿਰਾਟ ਦੇ ਅਰਧ ਸੈਂਕੜੇ ਦੀ ਬਦੌਲਤ ਬੈਂਗਲੁਰੂ ਨੇ 8 ਵਿਕਟਾਂ ਨਾਲ ਜਿੱਤਿਆ ਮੈਚ

05/19/2022 11:20:13 PM

ਸਪੋਰਟਸ ਡੈਸਕ-ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜੇ ਦੇ ਨਾਲ ਫਾਰਮ ਵਿਚ ਪਰਤਦੇ ਹੋਏ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਚੋਟੀ ’ਤੇ ਕਾਬਜ਼ ਗੁਜਰਾਤ ਟਾਈਟਨਸ ’ਤੇ 8 ਵਿਕਟਾਂ ਨਾਲ ਜਿੱਤ ਦਿਵਾਈ ਤੇ ਆਪਣੀ ਟੀਮ ਨੂੰ ਆਈ. ਪੀ.ਐੱਲ. ਪਲੇਅ ਆਫ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਵੀ ਕਾਇਮ ਰੱਖੀਆਂ।
ਇਸ ਤੋਂ ਪਹਿਲਾਂ ਕਪਤਾਨ ਹਾਰਦਿਕ ਪੰਡਯਾ ਦੇ ਅਰਧ ਸੈਂਕੜੇ ਦੀ ਮਦਦ ਨਾਲ ਗੁਜਰਾਤ  ਨੇ 5 ਵਿਕਟਾਂ ’ਤੇ 168 ਦੌੜਾਂ ਬਣਾਈਆਂ ਸਨ। ਪਿਛਲੇ ਕੁਝ ਮੈਚਾਂ ਤੋਂ ਵੱਡੀ ਪਾਰੀ ਨਾ ਖੇਡ ਸਕੇ ਹਾਰਦਿਕ ਨੇ 47 ਗੇਂਦਾਂ ਵਿਚ ਅਜੇਤੂ 62 ਦੌੜਾਂ ਬਣਾ ਕੇ ਪਲੇਅ ਆਫ ਦੀਆਂ ਤਿਆਰੀਆਂ ਪੁਖਤਾ ਕੀਤੀਆਂ। ਜਵਾਬ ਵਿਚ ਆਰ. ਸੀ. ਬੀ. ਲਈ ਕੋਹਲੀ ਨੇ 54 ਗੇਂਦਾਂ ਵਿਚ 73 ਦੌੜਾਂ ਤੇ ਕਪਤਾਨ ਫਾਫ ਡੂ ਪਲੇਸਿਸ ਨੇ 38 ਗੇਂਦਾਂ ਵਿਚ 44 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਪਹਿਲੀ ਵਿਕਟ ਦੀ ਸਾਂਝੇਦਾਰੀ ਵਿਚ 115 ਦੌੜਾਂ ਜੋੜੀਆਂ। ਗਲੇਨ ਮੈਕਸਵੈੱਲ 18 ਗੇਂਦਾਂ ’ਤੇ 40 ਦੌੜਾਂ ਬਣਾ ਕੇ ਅਜੇਤੂ ਰਿਹਾ ਤੇ ਆਰ. ਸੀ. ਬੀ. ਨੇ 8 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ :- ਸਵੀਡਨ ਦੇ ਨਾਟੋ 'ਚ ਸ਼ਾਮਲ ਹੋਣ ਦੇ ਪ੍ਰਭਾਵਾਂ 'ਤੇ ਗੌਰ ਕਰੇਗਾ ਰੂਸ

ਇਸ ਜਿੱਤ ਨਾਲ ਆਰ. ਸੀ. ਬੀ. 16 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ ਪਰ ਉਸ ਨੂੰ ਦਿੱਲੀ ਕੈਪੀਟਲਸ ਤੇ ਮੁੰਬਈ ਇੰਡੀਅਨਜ਼ ਵਿਚਾਲੇ ਬਾਕੀ ਮੈਚ ਦਾ ਇੰਤਜ਼ਾਰ ਕਰਨਾ ਪਵੇਗਾ। ਦਿੱਲੀ ਦੇ ਹਾਰ ਜਾਣ ’ਤੇ ਹੀ ਆਰ. ਸੀ. ਬੀ. ਪਲੇਅ ਆਫ ਵਿਚ ਪਹੁੰਚ ਸਕੇਗੀ, ਨਹੀਂ ਤਾਂ ਉਸ ਦਾ ਸਫਰ ਇੱਥੇ ਹੀ ਖਤਮ ਹੋ ਜਾਵੇਗਾ। ਅਜਿਹੇ ਵਿਚ ਉਸ ਨੂੰ ਦਿੱਲੀ ਦੀ ਹਾਰ ਦੀ ਦੁਆ ਕਰਨੀ ਪਵੇਗੀ।ਵਾਨਖੇੜੇ ਸਟੇਡੀਅਮ ਵਿਚ ‘ਕੋਹਲੀ-ਕੋਹਲੀ’ ਦੀ ਗੂੰਜ ਵਿਚਾਲੇ ਕੋਹਲੀ ਨੇ ਫਾਰਮ ਵਿਚ ਵਾਪਸੀ ਕੀਤੀ। ਸਟੇਡੀਅਮ ਵਿਚ ਮੌਜੂਦ ਦਰਸ਼ਕ ਸਾਬਕਾ ਭਾਰਤੀ ਕਪਤਾਨ ਨੂੰ ਫਾਰਮ ਵਿਚ ਪਰਤਦੇ ਦੇਖ ਕੇ ਕਾਫੀ ਉਤਸ਼ਾਹਿਤ ਨਜ਼ਰ ਆਏ। ਕੋਹਲੀ ਨੇ ਤੀਜੇ ਹੀ ਓਵਰ ਵਿਚ ਮੁਹੰਮਦ ਸ਼ੰਮੀ ਨੂੰ ਦੋ ਚੌਕੇ ਲਾ ਦਿੱਤੇ। ਇਸ ਤੋਂ ਬਾਅਦ ਹਾਰਦਿਕ ਨੂੰ ਇਕ ਚੌਕਾ ਲਾ ਕੇ ਆਪਣੇ ਤੇਵਰ ਜ਼ਾਹਿਰ ਕੀਤੇ। ਰਾਸ਼ਿਦ ਦੀ ਗੇਂਦ ’ਤੇ ਲਾਈ ਸ਼ਾਟ ਨਾਲ ਉਸ ਦਾ ਆਤਮਵਿਸ਼ਵਾਸ ਵਧਿਆ ਤੇ ਫਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਦੂਜੇ ਪਾਸੇ ’ਤੇ ਕਪਤਾਨ ਫਾਫ ਡੂ ਪਲੇਸਿਸ ਨੇ ਉਸਦਾ ਬਾਖੂਬੀ ਸਾਥ ਦਿੱਤਾ। ਪਲੇਸਿਸ ਦੇ ਆਊਟ ਹੋਣ ਤੋਂ ਬਾਅਦ ਮੈਕਸਵੈੱਲ ਨੇ ਕੋਹਲੀ ਦਾ ਸਾਥ ਦਿੱਤਾ। ਕੋਹਲੀ 17ਵੇਂ ਓਵਰ ਵਿਚ ਸਟੰਪਸ ਆਊਟ ਹੋਇਆ ਪਰ ਤਦ ਤਕ ਟੀਮ ਦੀ ਜਿੱਤ ਪੱਕੀ ਹੋ ਚੁੱਕੀ ਸੀ।

ਇਹ ਵੀ ਪੜ੍ਹੋ :- ਪਾਕਿ-ਚੀਨ ਤੋਂ ਰੱਖਿਆ ਲਈ ਭਾਰਤ ਅਗਲੇ ਮਹੀਨੇ ਤੱਕ S-400 ਮਿਜ਼ਾਈਲ ਪ੍ਰਣਾਲੀ ਤਾਇਨਾਤ ਕਰ ਸਕਦੈ : ਪੈਂਟਾਗਨ

ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹਾਰਦਿਕ ਨੇ 47 ਗੇਂਦਾਂ ’ਤੇ ਅਜੇਤੂ 62 ਦੌੜਾਂ ਵਿਚ 4 ਚੌਕੇ ਤੇ 3 ਛੱਕੇ ਲਾਏ। ਗੁਜਰਾਤ ਨੇ ਆਖਰੀ 5 ਓਵਰਾਂ ਵਿਚ 50 ਦੌੜਾਂ ਜੋੜੀਆਂ, ਜਿਸ ਨਾਲ ਟੀਮ ਇਕ ਲੜਨਯੋਗ ਸਕੋਰ ਤਕ ਪਹੁੰਚੀ ਸੀ। ਇਕ ਸਮੇਂ 160 ਦੌੜਾਂ ਤਕ ਵੀ ਪਹੁੰਚਦੀ ਨਜ਼ਰ ਨਹੀਂ ਆ ਰਹੀ ਸੀ ਗੁਜਰਾਤ ਪਰ ਇਹ ਟੀਮ ਇਕ ਵਾਰ ਫਿਰ ਇਕਜੁੱਟ ਹੋ ਕੇ ਖੇਡੀ ਤੇ ਕਮਾਲ ਕਰ ਗਈ। ਦੇਖਿਆ ਜਾਵੇ ਤਾਂ ਮਿਲਰ ਦਾ ਰੋਲ ਇਸ ਵਾਰ ਵੱਖਰਾ ਹੀ ਰਿਹਾ। ਉਸਨੇ ਹਾਰਦਿਕ ਦਾ ਬਹੁਤ ਚੰਗਾ ਸਾਥ ਦਿੱਤਾ। ਹਾਰਦਿਕ ਦੁਬਾਰਾ ਫਾਰਮ ਵਿਚ ਪਰਤ ਆਇਆ। ਰਿਧੀਮਾਨ ਸਾਹਾ ਨੇ 22 ਗੇਂਦਾਂ ਵਿਚ 31 ਦੌੜਾਂ ਬਣਾਈਆਂ ਜਦਕਿ ਮੈਥਿਊ ਵੇਡ ਨੇ 13 ਗੇਂਦਾਂ ਵਿਚ 16 ਦੌੜਾਂ ਬਣਾਈਆਂ। ਡੇਵਿਡ ਮਿਲਰ ਨੇ 25 ਗੇਂਦਾਂ ਵਿਚ ਇਕ ਚੌਕੇ ਤੇ ਦੋ ਛੱਕਿਆਂ ਦੇ ਸਹਾਰੇ ਅਜੇਤੂ 19 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ :- ਮਾਊਂਟ ਐਵਰੈਸਟ 'ਤੇ ਦੁਨੀਆ ਦਾ ਸਭ ਤੋਂ ਉੱਚਾ ਮੌਸਮ ਕੇਂਦਰ ਕੀਤਾ ਗਿਆ ਸਥਾਪਿਤ

ਪਲੇਇੰਗ 11
ਰਾਇਲ ਚੈਲੰਜਰਜ਼ ਬੈਂਗਲੁਰੂ-ਵਿਰਾਟ ਕੋਹਲੀ, ਫਾਫ ਪਲੇਸਿਸ (ਕਪਤਾਨ), ਰਜਤ ਪਾਟੀਦਾਰ, ਮਹਿਪਾਲ ਲੋਮਰੋਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟ ਕੀਪਰ), ਸ਼ਾਹਬਾਜ਼ ਅਹਿਮਦ, ਹਰਸ਼ਲ ਪਟੇਲ, ਵਨਿੰਦੂ ਹਸਰੰਗਾ, ਮੁਹੰਮਦ ਸਿਰਾਜ, ਜੋਸ਼ ਹੇਜਲਵੁੱਡ।
ਗੁਜਰਾਤ ਟਾਇਟਨਸ -: ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ,ਮੈਥਿਊ ਵੇਡ, ਹਾਰਦਿਕ ਪੰਡਯਾ (ਕਪਤਾਨ), ਡੇਵਿਡ ਮਿਲਰ, ਰਾਹੁਲ ਤਿਵੇਤੀਆ, ਰਾਸ਼ਿਦ ਖਾਨ,  ਸਾਈਂ ਕਿਸ਼ੋਰ, ਅਲਜ਼ਾਰੀ ਜੋਸੇਫ, ਯਸ਼ ਦਿਆਲ,ਮੁਹੰਮਦ ਸ਼ੰਮੀ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


Karan Kumar

Content Editor

Related News