ਆਰ ਅਸ਼ਵਿਨ ਦੀ ਵੱਡੀ ਉਪਲਬਧੀ, ਮੁਥੈਈਆ ਮੁਰਲੀਧਰਨ ਮਗਰੋਂ ਅਜਿਹਾ ਕਰਨ ਵਾਲੇ ਦੂਜੇ ਗੇਂਦਬਾਜ਼

02/26/2021 3:07:04 PM

ਨਵੀਂ ਦਿੱਲੀ (ਬਿਊਰੋ): ਭਾਰਤੀ ਕ੍ਰਿਕਟ ਟੀਮ ਦੇ ਅਨੁਭਵੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅਹਿਮਦਾਬਾਦ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਇਕ ਖਾਸ ਉਪਲਬਧੀ ਹਾਸਲ ਕੀਤੀ। ਇਸ ਮੈਚ ਦੌਰਾਨ ਉਹਨਾਂ ਨੇ ਟੈਸਟ ਕ੍ਰਿਕਟ ਵਿਚ ਆਪਣਾ 400ਵਾਂ ਵਿਕਟ ਹਾਸਲ ਕੀਤਾ। ਅਸ਼ਵਿਨ ਨੇ ਇਸ ਮਾਮਲੇ ਵਿਚ ਦੁਨੀਆ ਦੇ ਵੱਡੇ ਗੇਂਦਬਾਜ਼ਾਂ ਨੂੰ ਪਿੱਛੇ ਛੱਡਿਆ ਹੈ। ਸ਼੍ਰੀਲੰਕਾ ਦੇ ਮਹਾਨ ਗੇਂਦਬਾਜ਼ ਮੁਥੈਈਆ ਮੁਰਲੀਧਰਨ ਦੇ ਬਾਅਦ ਸਭ ਤੋਂ ਤੇਜ਼ 400 ਟੈਸਟ ਵਿਕਟਾਂ ਲੈਣ ਵਾਲੇ ਅਸ਼ਵਿਨ ਦੂਜੇ ਗੇਂਦਬਾਜ਼ ਹਨ।

ਅਸ਼ਵਿਨ ਨੇ ਅਹਿਮਦਾਬਾਦ ਟੈਸਟ ਦੌਰਾਨ ਇਕ ਹੋਰ ਖਾਸ ਉਪਲਬਧੀ ਹਾਸਲ ਕੀਤੀ। ਅਸ਼ਵਿਨ ਹੁਣ 400 ਟੈਸਟ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਪਹਿਲੀ ਪਾਰੀ ਵਿਚ ਇੰਗਲੈਂਡ ਖ਼ਿਲਾਫ਼ 3 ਵਿਕਟਾਂ ਹਾਸਲ ਕਰਨ ਵਾਲੇ ਇਸ ਫਿਰਕੀ ਗੇਂਦਬਾਜ਼ ਨੇ ਦੂਜੀ ਪਾਰੀ ਵਿਚ ਤੀਜਾ ਵਿਕਟ ਲੈਣ ਦੇ ਨਾਲ ਹੀ ਇਹ ਵੱਡੀ ਸਫਲਤਾ ਹਾਸਲ ਕੀਤੀ। 400 ਵਿਕਟਾਂ ਲੈਣ ਦੇ ਨਾਲ ਹੀ ਉਹਨਾਂ ਨੇ ਵਿਸ਼ਵ ਕ੍ਰਿਕਟ ਵਿਚ 600 ਵਿਕਟਾਂ ਪੂਰੀਆਂ ਕੀਤੀਆਂ।

400 ਵਿਕਟਾਂ ਲੈਣ ਵਾਲੇ ਦੁਨੀਆ ਦੇ 16ਵੇਂ ਅਤੇ ਭਾਰਤ ਦੇ ਚੌਥੇ ਗੇਂਦਬਾਜ਼ 
ਅਸ਼ਵਿਨ ਨੇ 77ਵੇਂ ਟੈਸਟ ਵਿਚ 400ਵਾਂ ਵਿਕਟ ਲੈ ਕੇ ਇਕ ਨਵਾਂ ਰਿਕਾਰਡ ਸਥਾਪਿਤ ਕੀਤਾ। ਉਹ ਭਾਰਤ ਵੱਲੋਂ ਸਭ ਤੋਂ ਤੇਜ਼ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉੱਥੇ ਅੰਤਰਰਾਸ਼ਟਰੀ ਕ੍ਰਿਕਟ ਵਿਚ ਮੁਰਲੀਧਰਨ ਦੇ ਬਾਅਦ ਅਜਿਹਾ ਕਰਨ ਵਾਲੇ ਦੂਜੇ ਗੇਂਦਬਾਜ਼ ਹਨ। ਸ਼੍ਰੀਲੰਕਾ ਦੇ ਇਸ ਦਿੱਗਜ਼ ਨੇ 72 ਟੈਸਟ ਖੇਡ ਕੇ 400ਵਾਂ ਵਿਕਟ ਹਾਸਲ ਕੀਤਾ ਸੀ।ਨਿਊਜ਼ੀਲੈਂਡ ਦੇ ਰਿਚਰਡ ਹੇਡਲੀ ਨੇ 80 ਟੈਸਟ ਮੈਚ ਖੇਡਣ ਦੇ ਬਾਅਦ ਇਸ ਮੁਕਾਮ ਨੂੰ ਹਾਸਲ ਕੀਤਾ ਸੀ। ਉੱਥੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਹੇਲ ਸਟੇਨ ਨੇ ਵੀ 80 ਮੈਚਾਂ ਵਿਚ ਇਹ ਉਪਲਬਧੀ ਹਾਸਲ ਕੀਤੀ ਸੀ। 

PunjabKesari

ਪੜ੍ਹੋ ਇਹ ਅਹਿਮ ਖਬਰ- ਅਹਿਮਾਦਾਬਾਦ ਟੈਸਟ 'ਚ ਅਕਸ਼ਰ ਨੇ ਬਣਾਏ ਕਈ ਰਿਕਾਰਡ, ਦਿੱਗਜ਼ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ

ਸ਼੍ਰੀਲੰਕਾ ਦੇ ਸਾਬਕਾ ਸਪਿਨਰ ਰੰਗਨਾ ਹੇਰਾਤ ਨੇ 84 ਟੈਸਟ ਖੇਡਣ ਦੇ ਬਾਅਦ ਆਪਣੇ 400 ਟੈਸਟ ਵਿਕਟ ਪੂਰੇ ਕੀਤੇ। ਅਸ਼ਵਿਨ ਟੈਸਟ ਮੈਚਾਂ ਵਿਚ 400 ਵਿਕਟਾਂ ਲੈਣ ਵਾਲੇ ਦੁਨੀਆ ਦੇ 16ਵੇਂ ਅਤੇ ਭਾਰਤ ਦੇ ਚੌਥੇ ਗੇਂਦਬਾਜ਼ ਬਣ ਗਏ ਹਨ। ਉਹ 6ਵੇਂ ਸਪਿਨਰ ਹਨ ਜਿਹਨਾਂ ਨੇ ਟੈਸਟ ਮੈਚਾਂ ਵਿਚ 400 ਵਿਕਟਾਂ ਲਈਆਂ ਹਨ। ਭਾਰਤ ਵੱਲੋਂ ਉਹਨਾਂ ਤੋਂ ਪਹਿਲਾਂ ਅਨਿਲ ਕੁੰਬਲੇ (619), ਕਪਿਲ ਦੇਵ (434) ਅਤੇ ਹਰਭਜਨ ਸਿੰਘ (417) ਵਿਕਟਾਂ ਲਈਆਂ ਹਨ। ਅਸ਼ਵਿਨ ਤੋਂ ਪਹਿਲਾਂ ਇਹ ਉਪਲਬਧੀ ਹਾਸਲ ਕਰਨ ਵਾਲੇ ਸਪਿਨਰਾਂ ਵਿਚ ਮੁਥੈਈਆ ਮੁਰਲੀਧਰਨ (800), ਸ਼ੇਨ ਵਾਰਨ (708), ਕੁੰਬਲੇ, ਰੰਗਨਾ ਹੇਰਾਥ (433) ਅਤੇ  ਹਰਭਜਨ ਸ਼ਾਮਲ ਹਨ।

ਅਸ਼ਵਿਨ ਦਾ ਕਰੀਅਰ
ਅਸ਼ਵਿਨ ਨੇ ਟੈਸਟ ਡੇਬਿਊ ਕਰਨ ਦੇ 9 ਸਾਲ ਅਤੇ 109 ਦਿਨ ਬਾਅਦ 400 ਟੈਸਟ ਵਿਕਟਾਂ ਪੂਰੀਆਂ ਕੀਤੀਆਂ। ਇਸ ਸੂਚੀ ਵਿਚ ਆਸਟ੍ਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਗਲੇਨ ਮੇਕਗ੍ਰਾ ਸਭ ਤੋਂ ਅੱਗੇ ਹਨ। ਉਹਨਾਂ ਨੇ 8 ਸਾਲ 341 ਦਿਨ ਵਿਚ ਆਪਣਾ 400ਵਾਂ ਟੈਸਟ ਵਿਕਟ ਹਾਸਲ ਕੀਤਾ ਸੀ। ਸ਼੍ਰੀਲੰਕਾ ਦੇ ਸਾਬਕਾ ਦਿੱਗਜ਼ ਮੁਰਲੀਧਰਨ ਨੇ 9  ਸਾਲ 137 ਦਿਨ ਵਿਚ ਅਜਿਹਾ ਕੀਤਾ। ਅਸ਼ਵਿਨ ਇਸ ਸੂਚੀ ਵਿਚ ਦੂਜੇ ਸਥਾਨ 'ਤੇ ਪਹੁੰਚ ਚੁੱਕੇ ਹਨ।


Vandana

Content Editor

Related News