ਰਾਣੀ ਰਾਮਪਾਲ ਦੀ ਇੱਛਾ : ਉਸ ਦੀ ਬਾਇਓਪਿਕ ਬਣੇ ਤਾਂ ਦੀਪਿਕਾ ਪਾਦੁਕੋਣ ਨਿਭਾਏ ਕਿਰਦਾਰ
Saturday, Feb 08, 2020 - 12:40 AM (IST)

ਨਵੀਂ ਦਿੱਲੀ - ਹਰਿਆਣਾ ਦੇ ਸ਼ਾਹਬਾਦ ਤੋਂ ਨਿਕਲ ਕੇ 'ਵਰਲਡ ਗੇਮ ਐਥਲੀਟ ਆਫ ਦਿ ਯੀਅਰ' ਅਤੇ 'ਪਦਮਸ਼੍ਰੀ' ਜਿੱਤਣ ਤਕ ਰਾਣੀ ਰਾਮਪਾਲ ਦਾ ਉਤਾਰ-ਚੜ੍ਹਾਅ ਨਾਲ ਭਰਿਆ ਸਫਰ ਕਿਸੇ ਬਾਲੀਵੁੱਡ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ ਅਤੇ ਭਾਰਤੀ ਹਾਕੀ ਟੀਮ ਦੀ ਕਪਤਾਨ ਦੀ ਇੱਛਾ ਹੈ ਕਿ ਜੇਕਰ ਉਸਦੀ ਜ਼ਿੰਦਗੀ 'ਤੇ ਕੋਈ ਬਾਇਓਪਿਕ ਬਣੇ ਤਾਂ ਦੀਪਿਕਾ ਪਾਦੁਕੋਣ ਉਸਦਾ ਕਿਰਦਾਰ ਨਿਭਾਏ। ਖਿਡਾਰੀਆਂ ਦੀ ਬਾਇਓਪਿਕ ਦੇ ਇਸ ਦੌਰ ਵਿਚ ਰਾਣੀ ਦੀ ਜ਼ਿੰਦਗੀ ਇਕ ਸੁਪਰਹਿੱਟ ਬਾਲੀਵੁੱਡ ਫਿਲਮ ਦੀ ਕਹਾਣੀ ਹੋ ਸਕਦੀ ਹੈ। ਇਸ ਬਾਰੇ ਵਿਚ ਉਸ ਨੇ ਕਿਹਾ, ''ਮੇਰੀ ਜ਼ਿੰਦਗੀ 'ਤੇ ਬਾਇਓਪਿਕ ਬਣੇ ਤਾਂ ਦੀਪਿਕਾ ਪਾਦੁਕੋਣ ਹੀ ਮੇਰਾ ਰੋਲ ਨਿਭਾਏ ਕਿਉਂਕਿ ਉਹ ਇਸ ਖੇਡ ਨਾਲ ਪਿਆਰ ਕਰਦੀ ਹੈ। ਖੇਡਾਂ ਨਾਲ ਪਿਆਰ ਉਸ ਨੂੰ ਪਰਿਵਾਰ ਤੋਂ ਵਿਰਾਸਤ ਵਿਚ ਮਿਲਿਆ ਹੈ ਅਤੇ ਦੀਪਿਕਾ ਵਿਚ ਮੈਨੂੰ ਇਕ ਖਿਡਾਰੀ ਦੇ ਗੁਣ ਨਜ਼ਰ ਆਉਂਦੇ ਹਨ।''
ਰੂੜੀਵਾਦੀ ਸਮਾਜ ਅਤੇ ਗਰੀਬੀ ਨਾਲ ਲੜ ਕੇ ਇਸ ਮੁਕਾਮ ਤਕ ਪਹੁੰਚੀ ਰਾਣੀ ਆਪਣੇ ਸੰਘਰਸ਼ ਅਤੇ ਸਫਲਤਾ ਦੇ ਦਮ 'ਤੇ ਲੜਕੀਆਂ ਦੀ ਰੋਲ ਮਾਡਲ ਬਣ ਗਈ ਹੈ। ਉਸ ਨੂੰ ਹਾਲ ਹੀ ਵਿਚ 'ਵਰਲਡ ਗੇਮ ਐਥਲੀਟ ਆਫ ਦਿ ਯੀਅਰ' ਚੁਣਿਆ ਗਿਆ ਸੀ ਅਤੇ ਇਹ ਐਵਾਰਡ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਅਤੇ ਦੁਨੀਆ ਦੀ ਇਕਲੌਤੀ ਹਾਕੀ ਖਿਡਾਰਨ ਵੀ ਹੈ।