ਰਾਜਸਥਾਨ ਰਾਇਲਜ਼ ਨੂੰ ਵੱਡਾ ਝਟਕਾ, ਦਿੱਲੀ ਕੈਪੀਟਲਸ ਨਾਲ ਜੁੜੇ ਰਹਾਨੇ
Thursday, Nov 14, 2019 - 03:59 PM (IST)

ਨਵੀਂ ਦਿੱਲੀ : ਭਾਰਤੀ ਟੈਸਟ ਟੀਮ ਦੇ ਉਪ ਕਪਤਾਨ ਅਜਿੰਕਯ ਰਹਾਨੇ ਵੀਰਵਾਰ ਨੂੰ ਆਈ. ਪੀ. ਐੱਲ. ਖਿਡਾਰੀਆਂ ਦਾ ਟ੍ਰਾਂਸਫਰ ਵਿੰਡੋਅ ਖਤਮ ਹੋਣ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਛੱਡ ਦਿੱਲੀ ਕੈਪੀਟਲਸ ਨਾਲ ਜੁੜਨਗੇ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਕਿਹਾ, ''ਗੱਲਬਾਤ ਚੱਲ ਰਹੀ ਹੈ। ਅੱਜ ਸ਼ਾਮ ਤਕ ਫੈਸਲਾ ਲੈਣਾ ਹੈ ਅਤੇ ਲੈ ਲਿਆ ਜਾਵੇਗਾ।''
ਰਹਾਨੇ 2011 ਵਿਚ ਮੁੰਬਈ ਇੰਡੀਅਨਜ਼ ਤੋਂ ਰਾਜਸਥਾਨ ਵਿਚ ਆਏ ਸੀ। ਉਹ ਆਈ. ਪੀ. ਐੱਲ. ਵਿਚ 2 ਸੈਂਕੜੇ ਲਗਾ ਚੁੱਕੇ ਹਨ ਅਤੇ 2012 ਵਿਚ ਰਾਇਲਜ਼ ਲਈ ਸਭ ਤੋਂ ਵੱਧ ਦੌੜਾਂ ਬਣਾਈਆਂ ਸੀ। ਰਹਾਨੇ ਦੀ ਜਗ੍ਹਾ ਰਾਇਲਜ਼ ਟੀਮ ਪ੍ਰਿਥਵੀ ਸ਼ਾਹ ਨੂੰ ਲੈ ਸਕਦੀ ਹੈ, ਜਿਸਦੀ ਡੋਪਿੰਗ ਪਾਬੰਦੀ ਸ਼ੁੱਕਰਵਾਰ ਨੂੰ ਖਤਮ ਹੋ ਰਹੀ ਹੈ। ਰਹਾਨੇ ਨੇ 2019 ਸੈਸ਼ਨ ਵਿਚ 14 ਮੈਚਾਂ ਵਿਚ 393 ਦੌੜਾਂ ਬਣਾਈਆਂ ਸੀ ਹਾਲਾਂਕਿ ਸੈਸ਼ਨ ਵਿਚਾਲੇ ਉਸ ਨੂੰ ਕਪਤਾਨੀ ਤੋਂ ਹਟਾ ਕੇ ਸਟੀਵ ਸਮਿਥ ਨੂੰ ਕਪਤਾਨ ਬਣਾ ਦਿੱਤਾ ਗਿਆ ਸੀ। ਰਹਾਨੇ ਨੇ ਭਾਰਤ ਲਈ ਆਖਰੀ ਟੀ-20 ਅਗਸਤ 2016 ਵਿਚ ਅਤੇ ਆਖਰੀ ਵਨ ਡੇ ਫਰਵਰੀ 2018 ਵਿਚ ਖੇਡਿਆ ਸੀ।