ਚੇਨਈ ਸੁਪਰ ਕਿੰਗਜ਼ ਨਾਲ ਖਤਮ ਹੋ ਚੁੱਕੈ ਰੈਨਾ ਦਾ ਸਫਰ!

09/01/2020 3:12:25 AM

ਨਵੀਂ ਦਿੱਲੀ– ਸੁਰੇਸ਼ ਰੈਨਾ ਦੇ ਬਾਰੇ ਵਿਚ ਕਿਹਾ ਗਿਆ ਹੈ ਕਿ ਉਹ 'ਨਿੱਜੀ ਕਾਰਣਾਂ' ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਤੋਂ ਹਟਿਆ ਹੈ ਪਰ ਲੱਗਦਾ ਹੈ ਕਿ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਦੇ ਨਾਲ ਉਸਦਾ ਲੰਬਾ ਸਫਰ ਖਤਮ ਹੋ ਗਿਆ ਹੈ ਕਿਉਂਕਿ ਇਹ ਫ੍ਰੈਂਚਾਈਜ਼ੀ 2021 ਸੈਸ਼ਨ ਤੋਂ ਪਹਿਲਾਂ ਉਸ ਨਾਲੋਂ ਆਪਣਾ ਨਾਤਾ ਤੋੜ ਸਕਦੀ ਹੈ। ਚੇਨਈ ਦੀ ਟੀਮ ਵਿਚ ਕੋਵਿਡ-19 ਦੇ 13 ਮਾਮਲੇ ਪਾਏ ਗਏ ਹਨ, ਜਿਨ੍ਹਾਂ ਵਿਚ ਟੀਮ ਦੇ ਦੋ ਹੋਰ ਅਹਿਮ ਮੈਂਬਰ ਦੀਪਕ ਚਾਹਰ ਤੇ ਰੁਤੂਰਾਜ ਗਾਇਕਵਾੜ ਵੀ ਸ਼ਾਮਲ ਹਨ।

PunjabKesari
ਆਈ. ਪੀ. ਐੱਲ. ਸੂਤਰ ਅਨੁਸਾਰ ਹਾਲ ਹੀ ਵਿਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਰੈਨਾ ਦੇ ਫੈਸਲੇ ਵਿਚ ਇਸ ਨੇ ਵੀ ਅਹਿਮ ਭੂਮਿਕਾ ਨਿਭਾਈ ਪਰ ਹੁਣ ਪਤਾ ਲੱਗਾ ਹੈ ਕਿ ਟੀਮ ਮੈਨੇਜਮੈਂਟ ਇਕਾਂਤਵਾਸ ਦੌਰਾਨ ਇਸ 32 ਸਾਲਾ ਖਿਡਾਰੀ ਦੇ ਰਵੱਈਏ ਤੋਂ ਖੁਸ਼ ਨਹੀਂ ਸੀ, ਜਿਸ ਤੋਂ ਸੀ. ਐੱਸ. ਕੇ. ਦੇ ਮਾਲਕ ਤੇ ਬੀ. ਸੀ. ਸੀ. ਆਈ. ਦੇ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਵੀ ਨਾਰਾਜ਼ ਸੀ। ਆਈ. ਪੀ. ਐੱਲ. ਸੂਤਰਾਂ ਨੇ ਕਿਹਾ,''ਸੀ. ਐੱਸ. ਕੇ. ਦੇ ਨਿਯਮਾਂ ਅਨੁਸਾਰ ਕੋਚ, ਕਪਤਾਨ ਤੇ ਮੈਨੇਜਰ ਨੂੰ ਹੋਟਲ ਵਿਚ ਰਹਿਣ ਲਈ ਸੂਈਟਸ ਮਿਲਦੇ ਹਨ ਪਰ ਟੀਮ ਜਿਸ ਵੀ ਹੋਟਲ ਵਿਚ ਰੁਕਦੀ ਹੈ, ਉਸ ਵਿਚ ਰੈਨਾ ਨੂੰ ਵੀ ਸੂਈਟ ਮਿਲਦਾ ਹੈ। ਗੱਲ ਸਿਰਫ ਇੰਨੀ ਸੀ ਕਿ ਉਸਦੇ ਕਮਰੇ ਵਿਚ ਬਾਲਕਾਨੀ ਨਹੀਂ ਸੀ।'' ਸੂਤਰ ਨੇ ਕਿਹਾ,''ਇਹ ਮਾਮਲਾ ਸੀ ਪਰ ਮੈਨੂੰ ਨਹੀਂ ਲੱਗਦਾ ਕਿ ਇਹ ਵਾਪਸੀ (ਭਾਰਤ ਪਰਤਣ) ਲਈ ਵੱਡਾ ਕਾਰਣ ਸੀ। ਟੀਮ ਵਿਚ ਕੋਵਿਡ ਮਾਮਲਿਆਂ ਦੇ ਵਧਣ ਤੋਂ ਵੀ ਵੱਡਾ ਕੋਈ ਮਾਮਲਾ ਹੋ ਸਕਦਾ ਹੈ।''
ਉਸ ਨੇ ਕਿਹਾ ਕਿ ਸਥਿਤੀ ਨੂੰ ਦੇਖਦੇ ਹੋਏ ਰੈਨਾ ਅਪ੍ਰੈਲ 2021 ਤੋਂ ਸ਼ੁਰੂ ਹੋਣ ਵਾਲੇ ਅਗਲੇ ਆਈ. ਪੀ. ਐੱਲ. ਤੋਂ ਵੀ ਚੇਨਈ ਦੀ ਟੀਮ ਵਿਚੋਂ ਬਾਹਰ ਹੋ ਸਕਦਾ ਹੈ। ਕੀ ਰੈਨਾ ਦੇ ਇਸ ਸੈਸ਼ਨ ਵਿਚ ਵਾਪਸੀ ਦੀ ਸੰਭਾਵਨਾ ਹੈ, ਜਿਸ ਨਾਲ ਹਾਲਾਤ ਬਦਲ ਸਕਦੇ ਹਨ, ਇਸ 'ਤੇ ਸੂਤਰਾਂ ਨੇ ਕਿਹਾ,''ਇਹ ਇਸ ਸੈਸ਼ਨ ਵਿਚ ਉਪਲੱਬਧ ਨਹੀਂ ਰਹੇਗਾ ਤੇ ਸੀ. ਐੱਸ. ਕੇ. ਨੇ ਜਿਹੜਾ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਉਸ ਵਿਚ ਇਹ ਸਪੱਸ਼ਟ ਹੈ। ਕੁਝ ਅਜਿਹੀਆਂ ਗੱਲਾਂ ਹਨ, ਜਿਹੜੀਆਂ ਚੋਟੀ ਦੇ ਅਧਿਕਾਰੀਆਂ ਨੂੰ ਨਾਮਨਜ਼ੂਰ ਹਨ।''
ਉਨ੍ਹਾਂ ਕਿਹਾ, ''ਇਸਦੀ ਘੱਟ ਸੰਭਾਵਨਾ ਹੈ ਕਿ ਜਿਹੜਾ ਖਿਡਾਰੀ ਸੰਨਿਆਸ ਲੈ ਚੁੱਕਾ ਹੋਵੇ ਤੇ ਸੰਭਾਵਿਤ ਕਿਸੇ ਤਰ੍ਹਾਂ ਦੀ ਕ੍ਰਿਕਟ ਨਹੀਂ ਖੇਡੇਗਾ, ਉਹ ਸੀ. ਐੱਸ. ਕੇ. ਵਿਚ ਵਾਪਸੀ ਕਰੇਗਾ। ਉਹ ਵਾਪਸ ਨਿਲਾਮੀ ਵਿਚ ਸ਼ਾਮਲ ਹੋਵੇਗਾ ਤੇ ਕੋਈ ਵੀ ਟੀਮ ਉਸ ਨੂੰ ਲੈ ਕੇ ਸਕਦੀ ਹੈ।'' ਸੀ. ਐੱਸ. ਕੇ. ਨੇ ਰੁਤੂਰਾਜ 'ਤੇ ਵੱਡੀ ਬੋਲੀ ਲਾਈ ਸੀ, ਉਸ ਨੂੰ ਉਮੀਦ ਹੈ ਕਿ ਇਕਾਂਤਵਾਸ ਤੋਂ ਪਰਤਣ ਤੋਂ ਬਾਅਦ ਉਹ ਫਿੱਟ ਹੋਵੇਗਾ ਤੇ ਦੋ ਟੈਸਟਾਂ ਵਿਚ ਨੈਗੇਟਿਵ ਆਉਣ ਤੋਂ ਬਾਅਦ ਅਭਿਆਸ ਸੈਸ਼ਨ ਵਿਚ ਹਿੱਸਾ ਲੈ ਸਕੇਗਾ। ਆਈ. ਪੀ. ਐੱਲ. ਸੂਤਰਾਂ ਨੇ ਕਿਹਾ,''ਸੀ. ਐੱਸ. ਕੇ. ਨੇ ਅਜੇ ਰੈਨਾ ਦੇ ਬਦਲੇ ਕਿਸੇ ਹੋਰ ਖਿਡਾਰੀ ਦੀ ਮੰਗ ਨਹੀਂ ਕੀਤੀ ਹੈ। ਇਸ ਮਾਮਲੇ ਵਿਚ ਰੈਨਾ ਦੀ ਮੁਆਫੀ ਨਾਲ ਖਾਸ ਅਸਰ ਨਹੀਂ ਪਵੇਗਾ ਕਿਉਂਕਿ ਟੀਮ ਭਵਿੱਖ ਦੇ ਬਾਰੇ ਵਿਚ ਸੋਚ ਰਹੀ ਹੈ।'' ਰੈਨਾ ਨੇ ਸੀ. ਐੱਸ. ਕੇ. ਵਲੋਂ 164 ਮੈਚਾਂ ਵਿਚ ਸਭ ਤੋਂ ਵੱਧ 4527 ਦੌੜਾਂ ਬਣਾਈਆਂ ਹਨ। ਆਈ. ਪੀ. ਐੱਲ. ਵਿਚ ਉਸਦੇ ਨਾਂ 'ਤੇ 5368 ਦੌੜਾਂ ਦਰਜ ਹਨ ਤੇ ਉਹ ਇਸ ਟੀ-20 ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿਚ ਭਾਰਤੀ ਕਪਤਾਨ ਵਿਰਾਟ ਕੋਹਲੀ (5412) ਤੋਂ ਬਾਅਦ ਦੂਜੇ ਸਥਾਨ 'ਤੇ ਹੈ।


Gurdeep Singh

Content Editor

Related News