ਮੋਟੇਰਾ ਦੇ ਜ਼ਖ਼ਮਾਂ ’ਤੇ ਦੁਬਈ ’ਚ ਮਰਹਮ ਲਾ ਕੇ ਰਾਹੁਲ ਨੇ ਬਦਲੀ ਆਪਣੀ ਤੇ ਟੀਮ ਦੀ ਤਕਦੀਰ
Tuesday, Mar 11, 2025 - 04:59 PM (IST)

ਨਵੀਂ ਦਿੱਲੀ– ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਵਿਚ ਜੇਤੂ ਛੱਕਾ ਲਾਉਣ ਵਾਲਾ ਕੇ. ਐੱਲ. ਰਾਹੁਲ ਹੀ ਸੀ ਤੇ ਨਿਊਜ਼ੀਲੈਂਡ ਵਿਰੁੱਧ ਫਾਈਨਲ ਵਿਚ ਸੰਕਟਮੋਚਕ ਦੀ ਭੂਮਿਕਾ ਨਿਭਾਅ ਕੇ ਭਾਰਤ ਨੂੰ ਚੈਂਪੀਅਨਜ਼ ਟਰਾਫੀ ਜਿਤਾਉਣ ਵਿਚ ਉਸਦਾ ਯੋਗਦਾਨ ਅਣਗੌਲਿਆ ਨਹੀਂ ਕੀਤਾ ਜਾ ਸਕਦਾ।
ਇਹ ਉਹ ਹੀ ਰਾਹੁਲ ਹੈ, ਜਿਸ ਨੇ 19 ਨਵੰਬਰ 2023 ਨੂੰ ਆਸਟ੍ਰੇਲੀਆ ਦੇ ਹੱਥੋਂ ਵਨ ਡੇ ਵਿਸ਼ਵ ਕੱਪ ਫਾਈਨਲ ਵਿਚ ਭਾਰਤ ਦੀ ਹਾਰ ਤੋਂ ਬਾਅਦ ਸਭ ਤੋਂ ਵੱਧ ਆਲੋਚਨਾ ਝੱਲੀ ਸੀ। ਜਦੋਂ ਲਗਾਤਾਰ 10 ਜਿੱਤਾਂ ਦੇ ਨਾਲ ਫਾਈਨਲ ਵਿਚ ਪਹੁੰਚੀ ਭਾਰਤੀ ਟੀਮ ਅਹਿਮਦਾਬਾਦ ਵਿਚ ਆਖਰੀ ਮੁਕਾਬਲੇ ਵਿਚ ਆਸਟ੍ਰੇਲੀਆ ਵਿਰੁੱਧ 240 ਦੌੜਾਂ ’ਤੇ ਆਊਟ ਹੋ ਗਈ ਸੀ ਤੇ 107 ਗੇਂਦਾਂ ਵਿਚ 66 ਦੌੜਾਂ ਬਣਾਉਣ ’ਤੇ ਰਾਹੁਲ ਆਲੋਚਕਾਂ ਦਾ ਸ਼ਿਕਾਰ ਬਣਿਆ ਸੀ। ਟੀ-20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਵੀ ਉਸ ਨੂੰ ਜਗ੍ਹਾ ਨਹੀਂ ਮਿਲੀ। ਮੋਟੇਰਾ ਦੇ ਉਸ ਫਾਈਨਲ ਦੇ 17 ਮਹੀਨੇ ਬਾਅਦ ਜਦੋਂ ਦੁਬਈ ਵਿਚ ਚੈਂਪੀਅਨਜ਼ ਟਰਾਫੀ ਫਾਈਨਲ ਵਿਚ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਭਾਰਤ ਨੇ ਤੀਜੀ ਵਾਰ ਖਿਤਾਬ ਜਿੱਤਿਆ ਤਾਂ ਅੰਤ ਤੱਕ ਡਟੇ ਰਹੇ ਰਾਹੁਲ ਨੂੰ ਜਿਸ ਤਰ੍ਹਾਂ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਹਾਰਦਿਕ ਪੰਡਯਾ ਨੇ ਗਲੇ ਨਾਲ ਲਾਇਆ, ਉਸ ਨੇ ਸਾਬਤ ਕਰ ਦਿੱਤਾ ਕਿ ਇਸ ਜਿੱਤ ਵਿਚ ਉਸ ਦੀ ਕੀ ਅਹਿਮੀਅਤ ਹੈ।
ਕਦੇ ਪਾਰੀ ਦਾ ਆਗਾਜ਼ ਕਰਨ ਵਾਲਾ ਰਾਹੁਲ ਟੀਮ ਦੀ ਲੋੜ ਮੁਤਾਬਕ ਬੱਲੇਬਾਜ਼ੀ ਕ੍ਰਮ ਵਿਚ ਛੇਵੇਂ ਨੰਬਰ ’ਤੇ ਉਤਰਿਆ ਤੇ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ਵਿਚ 34 ਗੇਂਦਾਂ ਵਿਚ ਅਜੇਤੂ 42 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਗਲੇਨ ਮੈਕਸਵੈੱਲ ਨੂੰ ਲਾਇਆ ਉਸਦਾ ਜੇਤੂ ਛੱਕਾ ਕ੍ਰਿਕਟ ਪ੍ਰੇਮੀਆਂ ਦੇ ਦਿਮਾਗ ਵਿਚ ਉਸੇ ਤਰ੍ਹਾਂ ਵਸਿਆ ਰਹੇਗਾ, ਜਿਵੇਂ ਵਾਨਖੇੜੇ ਸੇਡੀਅਮ ਵਿਚ ਵਿਸ਼ਵ ਕੱਪ ਫਾਈਨਲ ਵਿਚ ਸ਼੍ਰੀਲੰਕਾ ਵਿਰੁੱਧ ਮਹਿੰਦਰ ਸਿੰਘ ਧੋਨੀ ਦਾ ਛੱਕਾ।
ਭਾਵੇਂ ਹੀ ਵਿਰਾਟ ਕੋਹਲੀ ਦੀ ਤਰ੍ਹਾਂ ਉਹ ਸੈਂਕੜਾ ਨਹੀਂ ਲਾ ਸਕਿਆ ਜਾਂ ਰੋਹਿਤ ਸ਼ਰਮਾ ਦੀ ਤਰ੍ਹਾਂ ਵੱਡੀ ਪਾਰੀ ਨਹੀਂ ਖੇਡੀ ਪਰ ਉਸਦੀਆਂ 30-40 ਦੌੜਾਂ ਅਜਿਹੇ ਮੁਕਾਮ ਤੋਂ ਟੀਮ ਨੂੰ ਜਿੱਤ ਤੱਕ ਲੈ ਗਈਆਂ, ਜਿੱਥੋਂ ਨਤੀਜਾ ਕੁਝ ਵੀ ਹੋ ਸਕਦਾ ਸੀ।
ਨਿਊਜ਼ੀਲੈਂਡ ਵਿਰੁੱਧ ਫਾਈਨਲ ਵਿਚ ਸ਼੍ਰੇਅਸ ਅਈਅਰ ਦੇ ਆਊਟ ਹੋਣ ਤੋਂ ਬਾਅਦ 39ਵੇਂ ਓਵਰ ਵਿਚ ਜਦੋਂ ਉਹ ਕ੍ਰੀਜ਼ ’ਤੇ ਆਇਆ ਤਦ ਟੀਮ ਨੂੰ ਜਿੱਤ ਲਈ 69 ਦੌੜਾਂ ਦੀ ਲੋੜ ਸੀ। ਉਸ ਨੇ ਮਿਸ਼ੇਲ ਸੈਂਟਨਰ ਨੂੰ ਛੱਕਾ ਲਾ ਕੇ ਦੌੜਾਂ ਤੇ ਗੇਂਦਾਂ ਦਾ ਫਰਕ ਘੱਟ ਕੀਤਾ। ਦੂਜੇ ਪਾਸੇ ਤੋਂ ਅਕਸ਼ਰ ਪਟੇਲ ਤੇ ਹਾਰਦਿਕ ਪੰਡਯਾ ਦੀਆਂ ਵਿਕਟਾਂ ਡਿੱਗਣ ਦੇ ਬਾਵਜੂਦ ਉਹ ਇਕ ਪਾਸੇ ਡਟਿਆ ਰਿਹਾ ਤੇ ਟੀਮ ਨੂੰ ਜਿੱਤ ਤੱਕ ਪਹੁੰਚਾ ਕੇ ਹੀ ਦਮ ਲਿਆ।
ਕਪਤਾਨ ਰੋਹਿਤ ਨੇ ਤਾਂ ਉਸਦੇ ਯੋਗਦਾਨ ਦੀ ਸ਼ਲਾਘਾ ਕਰਦੇ ਹੋਏ ਇਹ ਵੀ ਕਿਹਾ,‘‘ਰਾਹੁਲ ਦਾ ਦਿਮਾਗ ਕਾਫੀ ਦ੍ਰਿੜ੍ਹ ਹੈ ਤੇ ਉਹ ਦਬਾਅ ਨੂੰ ਖੁਦ ’ਤੇ ਹਾਵੀ ਨਹੀਂ ਹੋਣ ਦਿੰਦਾ। ਉਹ ਖੁਦ ਤਾਂ ਸ਼ਾਂਤ ਰਹਿੰਦਾ ਹੀ ਹੈ, ਨਾਲ ਹੀ ਡ੍ਰੈਸਿੰਗ ਰੂਮ ਵਿਚ ਵੀ ਉਹ ਸ਼ਾਂਤੀ ਲਿਆਉਂਦਾ ਹੈ। ਸਾਨੂੰ ਮੱਧਕ੍ਰਮ ਵਿਚ ਉਸਦੀ ਲੋੜ ਸੀ ਤਾਂ ਕਿ ਦੂਜੇ ਖਿਡਾਰੀ ਖੁੱਲ੍ਹ ਕੇ ਖੇਡ ਸਕਣ।’’
Related News
ਚੈਂਪੀਅਨਸ ਟਰਾਫੀ ਦੇ ਫਾਈਨਲ ''ਚ ਪੁੱਜੀ ਟੀਮ ਇੰਡੀਆ, ਅਮਿਤ ਸ਼ਾਹ, ਰਾਹੁਲ ਗਾਂਧੀ ਸਣੇ ਇਨ੍ਹਾਂ ਨੇਤਾਵਾਂ ਨੇ ਦਿੱਤੀ ਵਧਾਈ
