ਪੀ. ਵੀ. ਸਿੰਧੂ ਨੇ ਜਿੱਤਿਆ ਸਈਦ ਮੋਦੀ ਕੌਮਾਂਤਰੀ ਦਾ ਮਹਿਲਾ ਸਿੰਗਲ ਖ਼ਿਤਾਬ

Monday, Jan 24, 2022 - 10:30 AM (IST)

ਪੀ. ਵੀ. ਸਿੰਧੂ ਨੇ ਜਿੱਤਿਆ ਸਈਦ ਮੋਦੀ ਕੌਮਾਂਤਰੀ ਦਾ ਮਹਿਲਾ ਸਿੰਗਲ ਖ਼ਿਤਾਬ

ਨਵੀਂ ਦਿੱਲੀ-  ਪੀ. ਵੀ. ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਐਤਵਾਰ ਨੂੰ ਸਈਦ ਮੋਦੀ ਕੌਮਾਂਤਰੀ ਬੈਡਮਿੰਟਨ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ। ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਸਿੰਧੂ ਨੇ ਖ਼ਿਤਾਬੀ ਮੁਕਾਬਲੇ ਵਿੱਚ ਹਮਵਤਨ ਮਾਲਵਿਕਾ ਬੰਸੌਦ ਨੂੰ ਸਿੱਧਾ ਗੇਮਾਂ ਵਿੱਚ ਹਰਾਇਆ। ਸਿੰਧੂ ਨੇ ਆਪਣੇ ਕਰੀਅਰ 'ਚ ਦੂਜੀ ਵਾਰ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ। ਉਸਨੇ ਫਾਈਨਲ ਵਿੱਚ ਮਾਲਵਿਕਾ ਨੂੰ 21-13, 21-16 ਨਾਲ ਹਰਾਇਆ। ਦੁਨੀਆ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਅਤੇ 84ਵੇਂ ਨੰਬਰ ਦੀ ਖਿਡਾਰਨ ਮਾਲਵਿਕਾ ਵਿਚਾਲੇ ਇਕਤਰਫਾ ਮੈਚ ਦੀ ਉਮੀਦ ਸੀ ਅਤੇ ਅਜਿਹਾ ਹੀ ਹੋਇਆ। ਸਿੰਧੂ ਨੇ ਆਪਣੇ ਤਜ਼ਰਬੇ ਅਤੇ ਹੁਨਰ ਦੀ ਵਰਤੋਂ ਕਰਦਿਆਂ ਮਾਲਵਿਕਾ ਨੂੰ ਕੋਈ ਮੌਕਾ ਨਹੀਂ ਦਿੱਤਾ। ਆਪਣੀ ਲੰਬਾਈ ਦਾ ਫਾਇਦਾ ਉਠਾਉਂਦੇ ਹੋਏ ਸਿੰਧੂ ਬ੍ਰੇਕ ਤੱਕ 11-1 ਨਾਲ ਅੱਗੇ ਸੀ।

ਇਹ ਵੀ ਪੜ੍ਹੋ : ਅਪ੍ਰੈਲ 'ਚ ਨਹੀਂ ਸਗੋਂ ਮਾਰਚ ਮਹੀਨੇ ਦੀ ਇਸ ਤਾਰੀਖ਼ ਤੋਂ ਸ਼ੁਰੂ ਹੋ ਸਕਦੈ IPL, ਜੈ ਸ਼ਾਹ ਨੇ ਦਿੱਤੇ ਸੰਕੇਤ

ਲਖਨਊ ਵਿੱਚ ਖੇਡੇ ਗਏ ਇਸ ਫਾਈਨਲ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ 35 ਮਿੰਟ ਵਿੱਚ ਜਿੱਤ ਦਰਜ ਕੀਤੀ। ਕੋਵਿਡ-19 ਦੇ ਕਈ ਮਾਮਲਿਆਂ ਕਾਰਨ ਚੋਟੀ ਦਾ ਦਰਜਾ ਪ੍ਰਾਪਤ ਸਿੰਧੂ ਨੂੰ ਕਈ ਚੋਟੀ ਦੇ ਖਿਡਾਰੀਆਂ ਦੀ ਗ਼ੈਰ-ਮੌਜੂਦਗੀ 'ਚ ਹੋ ਰਹੇ ਇਸ ਟੂਰਨਾਮੈਂਟ 'ਚ ਜ਼ਿਆਦਾ ਪਸੀਨਾ ਨਹੀਂ ਵਹਾਉਣਾ ਪਿਆ। ਇਸ ਤੋਂ ਪਹਿਲਾਂ 2017 ਵਿੱਚ ਵੀ ਉਸਨੇ ਇਸ BWF ਵਰਲਡ ਟੂਰ ਸੁਪਰ 300 ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ।

ਇਹ ਵੀ ਪੜ੍ਹੋ : ਵਿਰਾਟ ਦੇ ਅਰਧ ਸੈਂਕੜਾ ਲਗਾਉਂਦੇ ਹੀ ਨੈਸ਼ਨਲ TV 'ਤੇ ਦਿਖੀ ਵਾਮਿਕਾ ਦੀ ਝਲਕ

ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕ੍ਰਾਸਟੋ ਦੀ ਭਾਰਤੀ ਜੋੜੀ ਨੇ ਹਮਵਤਨ ਟੀ ਹੇਮਾ ਨਗੇਂਦਰ ਬਾਬੂ ਅਤੇ ਸ਼੍ਰੀਵੇਦਿਆ ਗੁਰਜ਼ਾਦਾ ਨੂੰ ਸਿੱਧੇ ਗੇਮਾਂ ਵਿੱਚ ਹਰਾ ਕੇ ਮਿਕਸਡ ਡਬਲਜ਼ ਦਾ ਖਿਤਾਬ ਜਿੱਤ ਲਿਆ। ਈਸ਼ਾਨ ਅਤੇ ਤਨੀਸ਼ਾ ਨੇ ਗੈਰ ਦਰਜਾ ਪ੍ਰਾਪਤ ਭਾਰਤੀ ਜੋੜੀ ਖਿਲਾਫ ਸਿਰਫ 29 ਮਿੰਟਾਂ 'ਚ 21-16, 21-12 ਨਾਲ ਜਿੱਤ ਦਰਜ ਕੀਤੀ। ਅਰਨੌਡ ਮਰਕਲ ਅਤੇ ਲੂਕਾਸ ਕਲੇਅਰਬਾਊਟ ਵਿਚਕਾਰ ਪੁਰਸ਼ ਸਿੰਗਲਜ਼ ਦੇ ਖਿਤਾਬੀ ਮੈਚ ਨੂੰ ਫਾਈਨਲਿਸਟਾਂ ਵਿੱਚੋਂ ਇੱਕ ਦੇ ਕੋਵਿਡ-19 ਲਈ ਪਾਜ਼ੇਟਿਵ ਟੈਸਟ ਕਰਨ ਤੋਂ ਬਾਅਦ 'ਨੋ ਮੈਚ' (ਮੈਚ ਨਹੀਂ ਹੋਇਆ) ਐਲਾਨਿਆ ਗਿਆ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News