ਸਿੰਧੂ ਦੀਆਂ ਨਿਗਾਹਾਂ ਵਰਲਡ ਚੈਂਪੀਅਨਸ਼ਿਪ ਦੇ ਸੋਨ ਤਮਗੇ ''ਤੇ
Sunday, Aug 18, 2019 - 04:15 PM (IST)

ਬਾਸੇਲ— ਭਾਰਤ ਲਈ ਦੋ ਚਾਂਦੀ ਤਮਗੇ ਹਾਸਲ ਕਰ ਚੁੱਕੀ ਪੀ. ਵੀ. ਸਿੰਧੂ ਸੋਮਵਾਰ ਨੂੰ ਇੱਥੇ ਸ਼ੁਰੂ ਹੋਣ ਵਾਲੀ ਬੀ. ਡਬਲਿਊ. ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗਾ ਜਿੱਤਣ ਲਈ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਬੇਤਾਬ ਹੋਵੇਗੀ। ਸਿੰਧੂ ਪਿਛਲੇ ਕੁਝ ਸਾਲਾਂ 'ਚ ਵਿਸ਼ਵ ਚੈਂਪੀਅਨਸ਼ਿਪ 'ਚ ਲਗਾਤਾਰ ਦੋ ਚਾਂਦੀ ਅਤੇ ਇੰਨੇ ਹੀ ਕਾਂਸੀ ਤਮਗੇ ਜਿੱਤ ਕੇ ਲਗਾਤਾਰ ਕੋਸ਼ਿਸ਼ ਕਰਨ ਵਾਲੀ ਖਿਡਾਰਨ ਰਹੀ, ਪਰ ਅਜੇ ਤਕ ਉਹ ਸੋਨ ਤਮਗਾ ਹਾਸਲ ਨਹੀਂ ਕਰ ਸਕੀ ਹੈ। ਭਾਰਤ ਦੀ 24 ਸਾਲਾਂ ਦੀ ਇਹ ਚੋਟੀ ਦੀ ਖਿਡਾਰਨ ਹਮੇਸ਼ਾ ਵਿਸ਼ਵ ਚੈਂਪੀਅਨਸ਼ਿਪ 'ਚ ਆਪਣੀ ਸਰਵਸ੍ਰੇਸ਼ਠ ਫਾਰਮ ਹਾਸਲ ਕਰਨ 'ਚ ਕਾਮਯਾਬ ਰਹੀ ਹੈ ਪਰ ਦੋ ਵਾਰ ਫਾਈਨਲ 'ਚ ਖੁੰਝੀ ਗਈ। ਉਹ 2017 'ਚ 110 ਮਿੰਟ ਤਕ ਚਲੇ ਮੈਚ 'ਚ ਜਾਪਾਨ ਦੀ ਨਾਓਮੀ ਓਕੁਹਾਰਾ ਤੋਂ ਹਾਰ ਗਈ ਅਤੇ 2018 ਫਾਈਨਲ 'ਚ ਸਪੇਨ ਦੀ ਓਲੰਪਿਕ ਚੈਂਪੀਅਨ ਕੈਰੋਲਿਨਾ ਮਾਰਿਨ ਨੇ ਉਨ੍ਹਾਂ ਨੂੰ ਹਰਾਇਆ।
ਪੰਜਵਾਂ ਦਰਜਾ ਪ੍ਰਾਪਤ ਸਿੰਧੂ ਪਿਛਲੇ ਮਹੀਨੇ ਇੰਡੋਨੇਸ਼ੀਆ ਓਪਨ 'ਚ ਉਪ ਜੇਤੂ ਰਹੀ ਅਤੇ ਆਪਣੇ ਵਿਰੋਧੀ ਮੁਕਾਬਲੇਬਾਜ਼ਾਂ ਨੂੰ ਹਰਾਉਣ ਲਈ ਆਪਣੀ ਫਿੱਟਨੈਸ ਅਤੇ ਡਿਫੈਂਸ 'ਤੇ ਕੰਮ ਕਰ ਰਹੀ ਹੈ। ਇਸ ਭਾਰਤੀ ਨੂੰ ਪਹਿਲੇ ਦੌਰ 'ਚ ਬਾਈ ਮਿਲੀ ਅਤੇ ਆਪਣੀ ਮੁਹਿੰਮ ਦੀ ਸ਼ੁਰੂਆਤ ਚੀਨੀ ਤਾਈਪੈ ਦੀ ਪਾਈ ਯੁ ਪੋ ਅਤੇ ਬੁਲਗਾਰੀਆ ਦੀ ਲਿੰਡਾ ਜੇਚਿਰੀ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਦੇ ਖਿਲਾਫ ਕਰੇਗੀ। ਸਿੰਧੂ ਨੇ ਕਿਹਾ, ''ਮੈਂ ਆਪਣੇ ਡਿਫੈਂਸ, ਸਰੀਰਕ ਫਿੱਟਨੈਸ 'ਤੇ ਅਤੇ ਕੋਰਟ ਦੇ ਅੰਦਰ ਦੇ ਕੌਸ਼ਲ 'ਤੇ ਵੀ ਕੰਮ ਕਰ ਰਹੀ ਹਾਂ। ਮੈਂ ਸਖਤ ਮਿਹਨਤ ਕੀਤੀ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਚੰਗਾ ਪ੍ਰਦਰਸ਼ਨ ਕਰ ਸਕਦੀ ਹਾਂ। ਮੈਨੂੰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ, ਪਰ ਕੋਈ ਦਬਾਅ ਨਹੀਂ ਹੈ।''