ਪੰਜਾਬ ਦੀ ਟੀਮ IPL ਤੋਂ ਹੋਈ ਬਾਹਰ ਤਾਂ ਰਾਹੁਲ ਨੂੰ ਮਿਲੀ ਵੱਡੀ ਖੁਸ਼ਖਬਰੀ, ਟਵੀਟ ਕਰ ਕੀਤਾ ਖੁਲਾਸਾ
Monday, Nov 02, 2020 - 07:34 PM (IST)
ਦੁਬਈ- ਆਈ. ਪੀ. ਐੱਲ. ਤੋਂ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਬਾਹਰ ਹੋ ਗਈ ਹੈ। ਭਾਵੇ ਹੀ ਪੰਜਾਬ ਦੀ ਟੀਮ ਹੁਣ ਆਈ. ਪੀ. ਐੱਲ. 'ਚ ਪਲੇਅ-ਆਫ ਦਾ ਹਿੱਸਾ ਨਹੀਂ ਹੈ ਪਰ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਫੈਂਸ ਦਾ ਦਿਲ ਜਿੱਤਣ 'ਚ ਸਫਲ ਰਹੇ ਹਨ। ਟੀਮ ਦੇ ਕਪਤਾਨ ਕੇ. ਐੱਲ. ਰਾਹੁਲ ਨੇ ਵੀ ਪੂਰੇ ਟੂਰਨਾਮੈਂਟ 'ਚ ਕਮਾਲ ਦਾ ਪ੍ਰਦਰਸ਼ਨ ਕੀਤਾ ਹੈ। ਆਈ. ਪੀ. ਐੱਲ. 2020 'ਚ ਰਾਹੁਲ ਨੇ 670 ਦੌੜਾਂ ਬਣਾਈਆਂ ਹਨ। ਜਿਸ 'ਚ 5 ਅਰਧ ਸੈਂਕੜੇ ਅਤੇ 1 ਸੈਂਕੜਾ ਸ਼ਾਮਲ ਹੈ। ਭਾਵੇ ਹੀ ਆਈ. ਪੀ. ਐੱਲ. 'ਚ ਹੁਣ ਰਾਹੁਲ ਇਸ ਸੀਜ਼ਨ 'ਚ ਖੇਡਦੇ ਹੋਏ ਨਜ਼ਰ ਨਹੀਂ ਆਉਣਗੇ ਪਰ ਉਸਦੇ ਲਈ ਇਕ ਵੱਡੀ ਖੁਸ਼ਖਬਰੀ ਆਈ ਹੈ। ਕੇ. ਐੱਲ. ਰਾਹੁਲ ਨੂੰ ਕਰਨਾਟਕ ਸਰਕਾਰ ਨੇ ਏਕਲਵਯ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ। ਖੁਦ ਰਾਹੁਲ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵਿੱਟਰ 'ਚ ਕਰਨਾਟਕ ਸਰਕਾਰ ਦਾ ਧੰਨਵਾਦ ਕੀਤਾ ਹੈ। ਆਪਣੇ ਟਵਿੱਟਰ 'ਚ ਰਾਹੁਲ ਨੇ ਲਿਖਿਆ- ਮੈਨੂੰ ਏਕਲਵਯ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਲਈ ਕਰਨਾਟਕ ਦੀ ਸਰਕਾਰ ਦਾ ਧੰਨਵਾਦ। ਮੇਰੇ ਕੋਚ ਟੀਮ ਦੇ ਸਾਥੀ, ਦੋਸਤਾਂ ਤੇ ਪਰਿਵਾਰਾਂ ਦੇ ਸਮਰਥਨ ਦੇ ਬਿਨਾਂ ਇਹ ਸੰਭਵ ਨਹੀਂ ਹੋਵੇਗਾ। ਮੈਂ ਆਪਣੇ ਸੂਬੇ ਤੇ ਭਾਰਤ ਨੂੰ ਮਾਣ ਦਿਵਾਉਣ ਲਈ ਸਖਤ ਮਿਹਨਤ ਕਰਦਾ ਰਹਾਂਗਾ। ਤੁਹਾਡਾ ਸਾਰਿਆਂ ਦਾ ਧੰਨਵਾਦ।
Thank You Government of Karnataka for bestowing me with the Ekalavya Award. It would not be possible without the support of my coaches, teammates, friends and families. I will continue to work hard to make our state and India proud #grateful
— K L Rahul (@klrahul11) November 2, 2020
ਦੱਸ ਦੇਈਏ ਕਿ ਪੰਜਾਬ ਨੂੰ ਆਖਰੀ ਮੈਚ 'ਚ ਚੇਨਈ ਸੁਪਰ ਕਿੰਗਜ਼ ਨੇ 9 ਵਿਕਟਾਂ ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕਰ ਦਿੱਤਾ। ਪੰਜਾਬ ਦੀ ਟੀਮ ਨੂੰ ਟੂਰਨਾਮੈਂਟ 'ਚ ਬਣੇ ਰਹਿਣ ਦੇ ਲਈ ਚੇਨਈ ਤੋਂ ਮੈਚ ਜਿੱਤਣਾ ਬਹੁਤ ਅਹਿਮ ਸੀ ਪਰ ਬੱਲੇਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਦੇ ਕਾਰਨ ਪੰਜਾਬ ਦੀ ਟੀਮ ਵੱਡਾ ਸਕੋਰ ਨਹੀਂ ਬਣਾ ਸਕੀ ਤੇ ਚੇਨਈ ਤੋਂ 9 ਵਿਕਟਾਂ ਨਾਲ ਹਾਰ ਗਈ।