ਪੰਜਾਬ ਦੇ ਇਕ ਹੋਰ ਖਿਡਾਰੀ ਦੀ TEAM INDIA 'ਚ ਐਂਟਰੀ! 2 ਸਾਲਾਂ ਤੋਂ ਨਹੀਂ ਖੇਡਿਆ ਇਕ ਵੀ IPL ਮੈਚ
Wednesday, May 20, 2026 - 02:26 PM (IST)
ਨਵੀਂ ਦਿੱਲੀ : ਅਜੀਤ ਅਗਰਕਰ ਦੀ ਅਗਵਾਈ ਵਾਲੀ ਭਾਰਤੀ ਚੋਣ ਕਮੇਟੀ ਨੇ ਅਫ਼ਗਾਨਿਸਤਾਨ ਵਿਰੁੱਧ ਹੋਣ ਵਾਲੇ ਇੱਕਮਾਤਰ ਟੈਸਟ ਅਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹ। ਇਸ ਚੋਣ ਵਿੱਚ ਸਭ ਤੋਂ ਵੱਧ ਚਰਚਾ ਪੰਜਾਬ ਦੇ 25 ਸਾਲਾ ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਦੀ ਹੋ ਰਹੀ ਹੈ, ਜਿਸ ਨੂੰ ਪਹਿਲੀ ਵਾਰ ਇੱਕੋ ਸਮੇਂ ਟੈਸਟ ਅਤੇ ਵਨਡੇ ਦੋਵਾਂ ਟੀਮਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਕੌਣ ਹੈ ਗੁਰਨੂਰ ਬਰਾੜ?
ਗੁਰਨੂਰ ਬਰਾੜ ਦਾ ਜਨਮ 25 ਮਈ 2000 ਨੂੰ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਉਹ ਇੱਕ ਤੇਜ਼ ਗੇਂਦਬਾਜ਼ ਆਲਰਾਊਂਡਰ ਹਨ, ਜੋ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਹੇਠਲੇ ਕ੍ਰਮ ਵਿੱਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਸਮਰੱਥਾ ਵੀ ਰੱਖਦੇ ਹਨ। 6.5 ਫੁੱਟ (6 ਫੁੱਟ 5 ਇੰਚ) ਲੰਬੇ ਇਸ ਖਿਡਾਰੀ ਨੇ ਘਰੇਲੂ ਕ੍ਰਿਕਟ ਵਿੱਚ ਪੰਜਾਬ ਲਈ ਖੇਡਦਿਆਂ ਆਪਣੀ ਰਫ਼ਤਾਰ ਅਤੇ ਕੱਦ ਕਾਰਨ ਸਭ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ।
ਘਰੇਲੂ ਕ੍ਰਿਕਟ ਅਤੇ ਆਈਪੀਐਲ ਦਾ ਸਫ਼ਰ
ਗੁਰਨੂਰ ਨੇ ਸਾਲ 2022 ਵਿੱਚ ਪੰਜਾਬ ਲਈ ਆਪਣਾ ਪਹਿਲਾ ਫਸਟ ਕਲਾਸ ਅਤੇ ਲਿਸਟ-ਏ ਮੈਚ ਖੇਡਿਆ ਸੀ। ਉਨ੍ਹਾਂ ਦੇ ਅੰਕੜੇ ਇਸ ਪ੍ਰਕਾਰ ਹਨ:
ਫਸਟ ਕਲਾਸ : 18 ਮੈਚਾਂ ਵਿੱਚ 52 ਵਿਕਟਾਂ ਅਤੇ 304 ਦੌੜਾਂ।
ਲਿਸਟ-ਏ: 9 ਮੈਚਾਂ ਵਿੱਚ 52 ਵਿਕਟਾਂ।
ਆਈਪੀਐਲ: 2025 ਦੀ ਮੈਗਾ ਨਿਲਾਮੀ ਵਿੱਚ ਗੁਜਰਾਤ ਟਾਈਟਨਸ ਨੇ ਉਨ੍ਹਾਂ ਨੂੰ 1.30 ਕਰੋੜ ਰੁਪਏ ਵਿੱਚ ਖਰੀਦਿਆ ਸੀ, ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ ਖੇਡਣ ਦਾ ਮੌਕਾ ਨਹੀਂ ਮਿਲਿਆ। ਇਸ ਤੋਂ ਪਹਿਲਾਂ ਉਹ ਪੰਜਾਬ ਕਿੰਗਜ਼ ਦਾ ਵੀ ਹਿੱਸਾ ਰਹਿ ਚੁੱਕੇ ਹਨ। ਗੁਰਨੂਰ ਪਿਛਲੇ ਦੋ ਸਾਲਾਂ ਤੋਂ ਇਕ ਵੀ ਆਈਪੀਐੱਲ ਮੈਚ ਨਹੀਂ ਖੇਡਿਆ ਹੈ।
ਸ਼ੁਭਮਨ ਗਿੱਲ ਨੇ ਪਛਾਣੀ ਪ੍ਰਤਿਭਾ
ਬਰਾੜ ਦੇ ਕ੍ਰਿਕਟ ਸਫ਼ਰ ਵਿੱਚ ਸ਼ੁਭਮਨ ਗਿੱਲ ਦੀ ਅਹਿਮ ਭੂਮਿਕਾ ਰਹੀ ਹੈ। ਇੱਕ ਟੂਰਨਾਮੈਂਟ ਦੌਰਾਨ ਗਿੱਲ ਨੇ ਬਰਾੜ ਦੀ ਗੇਂਦਬਾਜ਼ੀ ਦੇਖ ਕੇ ਉਨ੍ਹਾਂ ਨੂੰ ਮੋਹਾਲੀ ਜ਼ਿਲ੍ਹੇ ਦੀ ਟੀਮ ਵਿੱਚ ਜਗ੍ਹਾ ਦਿਵਾਈ ਸੀ, ਜਿਸ ਤੋਂ ਬਾਅਦ ਉਹ ਪੰਜਾਬ ਦੀਆਂ ਵੱਖ-ਵੱਖ ਉਮਰ ਵਰਗ ਦੀਆਂ ਟੀਮਾਂ ਵਿੱਚ ਪਹੁੰਚੇ।
ਵਿਰਾਟ ਕੋਹਲੀ ਨੂੰ ਕਰ ਚੁੱਕੇ ਹਨ ਪਰੇਸ਼ਾਨ
ਸਾਲ 2024 ਵਿੱਚ ਬੰਗਲਾਦੇਸ਼ ਵਿਰੁੱਧ ਸੀਰੀਜ਼ ਦੀ ਤਿਆਰੀ ਦੌਰਾਨ ਵਿਰਾਟ ਕੋਹਲੀ ਨੇ ਨੈੱਟਸ ਵਿੱਚ ਗੁਰਨੂਰ ਬਰਾੜ ਨੂੰ ਗੇਂਦਬਾਜ਼ੀ ਲਈ ਬੁਲਾਇਆ ਸੀ। ਆਪਣੀ ਤੂਫ਼ਾਨੀ ਰਫ਼ਤਾਰ ਨਾਲ ਉਨ੍ਹਾਂ ਨੇ ਕੋਹਲੀ ਨੂੰ ਕਾਫ਼ੀ ਪਰੇਸ਼ਾਨ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਗੇਂਦਬਾਜ਼ੀ ਦੀ ਕਾਫ਼ੀ ਚਰਚਾ ਹੋਈ ਸੀ।
ਡੇਲ ਸਟੇਨ ਨੂੰ ਮੰਨਦੇ ਹਨ ਆਦਰਸ਼
ਗੁਰਨੂਰ ਬਰਾੜ ਦੱਖਣੀ ਅਫ਼ਰੀਕਾ ਦੇ ਮਹਾਨ ਤੇਜ਼ ਗੇਂਦਬਾਜ਼ ਡੇਲ ਸਟੇਨ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੂੰ ਦੇਖ ਕੇ ਹੀ ਤੇਜ਼ ਗੇਂਦਬਾਜ਼ੀ ਸ਼ੁਰੂ ਕੀਤੀ ਸੀ। ਹੁਣ ਭਾਰਤੀ ਟੀਮ ਵਿੱਚ ਚੁਣੇ ਜਾਣ ਤੋਂ ਬਾਅਦ ਬਰਾੜ ਕੌਮਾਂਤਰੀ ਪੱਧਰ 'ਤੇ ਖੁਦ ਨੂੰ ਸਾਬਤ ਕਰਨ ਲਈ ਤਿਆਰ ਹਨ।
