20ਵੀਂ ਪੈਰਾ-ਪਾਵਰਲਿਫਟਿੰਗ ''ਚ ਪੰਜਾਬ ਉਪ ਜੇਤੂ
Wednesday, Mar 29, 2023 - 06:43 PM (IST)
ਸਪੋਰਟਸ ਡੈਸਕ- ਏਸ਼ੀਆ ਅਤੇ ਵਰਲਡ ਚੈਂਪੀਅਨ ਬਣ ਕੇ ਦੇਸ਼ ਦਾ ਨਾਂ ਰੋਸ਼ਨ ਕਰਨ ਵਾਲੇ ਪਰਮਜੀਤ ਕੁਮਾਰ ਸੰਨੀ ਜਲੰਧਰ ਨੇ ਨੈਸ਼ਨਲ ਚੈਂਪੀਅਨਸ਼ਿਪ 'ਚ 10ਵਾਂ ਸੋਨ ਤਗਮਾ ਜਿੱਤਦਿਆਂ 49 ਕਿੱਲੋ ਵਰਗ ਵਿਚ 162 ਕਿੱਲੋ ਦੀ ਲਿਫਟ ਲਾ ਕੇ ਦੂਜੀ ਵਾਰ ਸਟਰਾਂਗ ਮੈਨ ਆਫ ਇੰਡੀਆ ਦਾ ਖ਼ਿਤਾਬ ਜਿੱਤਿਆ। ਨਵੀਂ ਦਿੱਲੀ ਦੇ ਨਹਿਰੂ ਸਟੇਡੀਅਮ ਵਿਚ ਹੋਈ 20ਵੀਂ ਪੈਰਾ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿਚ 97 ਕਿੱਲੋ ਵਰਗ ਵਿਚ ਵਰਿੰਦਰ ਸਿੰਘ ਅਮਲੋਹ ਨੇ 210 ਕਿੱਲੋ ਦੀ ਲਿਫਟ ਲਾ ਕੇ ਸੱਭ ਤੋਂ ਵੱਧ ਲਿਫਟ ਲਾਉਣ ਦਾ ਮਾਣ ਹਾਸਲ ਕੀਤਾ ਹੈ।
ਟੀਮ ਦੇ ਕੋਚ ਪਰਵਿੰਦਰ ਸਿੰਘ ਗੋਹਾਵਰ ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿੱਚ ਚਾਰ ਸੋਨੇ ਤੇ ਇਕ ਕਾਂਸੀ ਅਤੇ ਲੜਕੀਆਂ ਦੇ ਵਰਗ ਵਿਚ ਦੋ ਸੋਨੇ ਤੇ ਇਕ ਕਾਂਸੀ ਦਾ ਤਗਮਾ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ ਗਈ ਹੈ। 80 ਕਿੱਲੋ ਵਰਗ ਵਿਚ ਗੁਰਸੇਵਕ ਸਿੰਘ ਤਰਨਤਾਰਨ ਨੇ, 107 ਕਿੱਲੋ ਵਿਚ ਨਦੀਮ ਮੁਹੰਮਦ ਮਾਲੇਰਟੋਕਲਾ ਨੇ ਸੋਨ ਤਗਮੇ ਤੇ ਕੁਲਦੀਪ ਸਿੰਘ ਫਰੀਦਕੋਟ ਨੇ ਕਾਂਸੀ ਦਾ ਤਗਮਾ ਜਦਕਿ ਲੜਕੀਆਂ ਦੇ ਵਰਗ ਵਿਚ 45 ਕਿੱਲੋ 'ਚ ਜਸਪ੍ਰਰੀਤ ਕੌਰ ਬਠਿੰਡਾ ਤੇ 55 ਕਿੱਲੋ 'ਚ ਸੀਮਾ ਰਾਣੀ ਨੇ ਸੋਨ ਤਗਮੇ ਅਤੇ ਸੁਮਨਦੀਪ ਜਲੰਧਰ ਨੇ ਕਾਂਸੀ ਦਾ ਤਗਮਾ ਜਿੱਤਿਆ ।
ਪੈਰਾਓਲੰਪਿਕ ਮੈਡਲਿਸਟ ਸਾਈ ਕੋਚ ਰਾਜਿੰਦਰ ਸਿੰਘ ਰਹੇਲੂ ਅਰਜੁਨਾ ਐਵਾਰਡੀ ਨੇ ਦੱਸਿਆ ਕਿ ਗੁਜਰਾਤ ਦੇ ਗਾਂਧੀ ਨਗਰ ਵਿਚ ਬਣੇ ਸਾਈ ਸੈਂਟਰ ਵਿਚ ਦੇਸ਼ ਦੇ ਪੈਰਾ ਪਾਵਰਲਿਫਟਰ ਕੋਚਿੰਗ ਲੈਂਦੇ ਹਨ, ਜਿਨ੍ਹਾਂ ਵਿੱਚੋਂ ਪੰਜਾਬ ਦੇ ਪਰਮਜੀਤ ਸੰਨੀ, ਸੀਮਾ ਰਾਣੀ ਤੇ ਜਸਪ੍ਰਰੀਤ ਕੌਰ ਨੇ ਸੋਨ ਤਗਮੇ ਜਿੱਤੇ ਹਨ। ਪੰਜਾਬ ਪੈਰਾ ਪਾਵਰਲਿਫਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਸਿੰਘ ਜਫਰ, ਸੈਕਟਰੀ ਪਰਵਿੰਦਰ ਸਿੰਘ ਗੋਹਾਵਰ ਤੇ ਕੈਸ਼ੀਅਰ ਪਰਮਿੰਦਰ ਫੁੱਲਾਂਵਾਲ ਨੇ ਟੀਮ ਨੂੰ ਵਧਾਈ ਦਿੰਦਿਆਂ ਪੰਜਾਬ ਸਰਕਾਰ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਾਸੋਂ ਇਨ੍ਹਾਂ ਲਿਫਟਰਾਂ ਨੂੰ ਸਨਮਾਨਿਤ ਕਰਨ ਤੇ ਬਣਦੇ ਨਕਦ ਪੁਰਸਕਾਰ ਦੇਣ ਦੀ ਮੰਗ ਕੀਤੀ ।