ਬਲਾਈਂਡ ਵਰਲਡ ਕੱਪ ਦਾ ਖਿਤਾਬ ਦਿਵਾਉਣ ਵਾਲੇ ਤੇਜਿੰਦਰ ਨੂੰ ਪੰਜਾਬ ਸਰਕਾਰ ਦੇਵੇਗੀ ਬਣਦਾ ਹੱਕ
Friday, Sep 18, 2020 - 12:01 AM (IST)
ਜਲੰਧਰ (ਵਿਕਰਮ ਸਿੰਘ ਕੰਬੋਜ) – ਭਾਰਤੀ ਬਲਾਈਂਡ ਕ੍ਰਿਕਟ ਟੀਮ ਨੂੰ 2014 ਵਿਚ ਵਿਸ਼ਵ ਕੱਪ ਦਿਵਾਉਣ ਵਾਲੇ ਇਕਲੌਤੇ ਪੰਜਾਬੀ ਕ੍ਰਿਕਟਰ ਤੇਜਿੰਦਰ ਪਾਲ ਸਿੰਘ ਦੀ ਮਦਦ ਲਈ ਪੰਜਾਬ ਸਰਕਾਰ ਅੱਗੇ ਆ ਗਈ ਹੈ। ਵਿਸ਼ਵ ਕੱਪ ਜਿੱਤਣ 'ਤੇ ਪੰਜਾਬ ਸਰਕਾਰ ਨੇ ਖਿਡਾਰੀਆਂ ਨੂੰ 50 ਲੱਖ ਰੁਪਏ ਇਨਾਮੀ ਰਾਸ਼ੀ ਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਇਸ ਸਬੰਧੀ ਤੇਜਿੰਦਰ ਤਕਰੀਬਨ 6 ਸਾਲਾਂ ਤਕ ਸਰਕਾਰੀ ਦਫਤਰਾਂ ਦੇ ਚੱਕਰ ਲਾਉਂਦਾ ਰਿਹਾ। ਆਖਿਰ 'ਜਗ ਬਾਣੀ' ਨੇ ਤੇਜਿੰਦਰ ਦੀ ਸੁਧ ਲਈ ਤੇ ਉਸਦੇ ਸੰਘਰਸ਼ ਤੇ ਪ੍ਰਾਪਤੀਆਂ ਨੂੰ ਦਿਖਾਇਆ। ਆਖਿਰਕਰ, ਮਾਮਲਾ ਜਦੋਂ ਸਪੋਰਟਸ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਤੇਜਿੰਦਰ ਦੀ ਫਾਈਲ ਕਢਵਾ ਲਈ। ਉਨ੍ਹਾਂ ਨੇ ਜ਼ਿਲਾ ਖੇਡ ਅਫਸਰ ਗੁਰਪ੍ਰੀਤ ਸਿੰਘ ਨੂੰ ਤੇਜਿੰਦਰ ਦੇ ਘਰ ਭੇਜਿਆ ਤੇ ਇਨਾਮੀ ਰਾਸ਼ੀ ਤੇ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ।
2014 ਵਿਚ ਦਿਵਾਇਆ ਸੀ ਟੀਮ ਇੰਡੀਆ ਨੂੰ ਬਲਾਈਂਡ ਵਰਲਡ ਕੱਪ
ਤੇਜਿੰਦਰ ਨੇ ਇਨਾਮੀ ਰਾਸ਼ੀ ਤੇ ਸਰਕਾਰੀ ਨੌਕਰੀ ਦਾ ਭਰੋਸਾ ਮਿਲਣ 'ਤੇ ਖੁਸ਼ੀ ਜਤਾਈ। ਉਸ ਨੇ ਕਿਹਾ ਕਿ 2014 ਵਿਚ ਜਦੋਂ ਉਸ ਨੇ ਦੱਖਣੀ ਅਫਰੀਕਾ ਵਿਚ ਆਯੋਜਿਤ ਬਲਾਈਂਡ ਵਰਲਡ ਕੱਪ ਜਿੱਤਿਆ ਤਾਂ ਉਸ ਨੂੰ ਉਮੀਦ ਸੀ ਕਿ ਉਸਦੀ ਸਰਕਾਰ ਉਸ ਨੂੰ 'ਅੱਖਾਂ 'ਤੇ ਬਿਠਾ' ਲਵੇਗੀ। 2015 ਵਿਚ ਹੀ ਜਦੋਂ ਇੰਗਲੈਂਡ ਵਿਚ ਹੋਇਆ ਵਰਲਡ ਕੱਪ ਜਿੱਿਤਆ ਤਾਂ ਇਹ ਉਮੀਦਾਂ ਹੋਰ ਵੀ ਵੱਧ ਗਈਆਂ। ਕੇਂਦਰ ਸਰਕਾਰ ਨੇ ਤਦ ਵਰਲਡ ਕੱਪ ਜਿੱਤ ਕੇ ਆਈ ਟੀਮ ਨੂੰ 9 ਲੱਖ ਰੁਪਏ ਦਿੱਤੇ ਸਨ ਜਦਕਿ ਪੰਜਾਬ ਸਰਕਾਰ ਨੇ 50 ਲੱਖ ਰੁਪਏ ਦੇ ਨਾਲ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਵਾਅਦਾ ਪੂਰਾ ਕਰਵਾਉਣ ਲਈ ਤੇਜਿੰਦਰ ਖੇਡ ਮੰਤਰੀ ਕੋਲ ਵੀ ਜਾਂਦਾ ਿਰਹਾ। 2017 ਵਿਚ ਜਦੋਂ ਕਾਂਗਰਸ ਸਰਕਾਰ ਆਈ ਤਾਂ ਉਸ ਨੇ ਖੇਡ ਮੰਤਰੀ ਕੋਲ ਆਪਣੀ ਫਾਈਲ ਲਗਾਈ। ਆਖਿਰ ਵਿਸ਼ਵ ਕੱਪ ਜਿੱਤਣ ਦੇ 6 ਸਾਲ ਬਾਅਦ ਉਸ ਨੂੰ ਹੁਣ ਰਾਹਤ ਦੀ ਖਬਰ 'ਜਗ ਬਾਣੀ' ਦੇ ਰਾਹੀਂ ਮਿਲੀ ਹੈ।
6 ਸਾਲ ਦੀ ਉਮਰ 'ਚ ਗੁਆਈਆਂ ਸੀ ਅੱਖਾਂ
ਤੇਜਿੰਦਰ ਨੇ ਦੱਸਿਆ ਕਿ ਜਦੋਂ ਉਹ 6 ਸਾਲ ਦਾ ਸੀ ਤਦ ਇਕ ਡਾਕਟਰ ਵਲੋਂ ਦਿੱਤੀ ਗਈ ਗਲਤ ਦਵਾਈ ਦੇ ਕਾਰਣ ਉਸਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਬਹੁਤ ਇਲਾਜ ਕਰਵਾਇਆ ਪਰ ਰੌਸ਼ਨੀ ਵਾਪਸ ਨਹੀਂ ਆਈ। ਇਸ ਤੋਂ ਬਾਅਦ ਉਹ ਦੇਹਾਰਦੂਨ ਦੇ ਬਲਾਈਂਡ ਸਕੂਲ ਵਿਚ ਪਹੁੰਚਿਆ, ਜਿੱਥੇ ਉਸਦੀ ਜ਼ਿੰਦਗੀ ਨੂੰ ਨਵਾਂ ਰਸਤਾ ਮਿਲਿਆ। ਚੰਡੀਗੜ੍ਹ ਦੇ ਡੀ. ਏ. ਵੀ. ਕਾਲਜ ਵਿਚ ਪੜ੍ਹਦੇ ਹੋਏ ਤੇਜਿੰਦਰ ਨੇ ਡਿਸਟ੍ਰਿਕਟ, ਸਟੇਟ ਤੇ ਨੈਸ਼ਨਲ ਲੈਵਲ ਤਕ ਕ੍ਰਿਕਟ ਟੂਰਨਾਮੈਂਟ ਖੇਡੇ। ਤੇਜਿੰਦਰ ਰਾਜਸਥਾਨ, ਹਿਮਾਚਲ ਪ੍ਰਦੇਸ਼, ਹਰਿਆਣਾ ਤੇ ਉੱਤਰ ਪ੍ਰਦੇਸ਼ ਵਲੋਂ ਵੀ ਖੇਡ ਚੁੱਕਾ ਹੈ।
ਮੁਸ਼ਕਿਲ ਹੈ ਬਲਾਈਂਡ ਕ੍ਰਿਕਟ
ਜਲੰਧਰ ਦੇ ਗੁਰੂ ਨਾਨਕਪੁਰਾ ਦੇ ਰਹਿਣ ਵਾਲੇ 35 ਸਾਲਾ ਤੇਜਿੰਦਰ ਨੇ ਕਿਹਾ ਕਿ ਬਲਾਈਂਡ ਕ੍ਰਿਕਟ ਇੰਨੀ ਸੌਖੀ ਨਹੀਂ ਹੈ। ਇਸਦੀ ਤਿਆਰੀ ਲਈ ਸਾਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਸੀਂ ਕਿਤੇ ਇਕੱਲੇ ਜਾ ਨਹੀਂ ਸਕਦੇ। ਭਾਵੇਂ ਪੜ੍ਹਾਈ ਹੋਵੇ ਜਾਂ ਖੇਡ, ਇਕ ਸਾਥੀ ਹਮੇਸ਼ਾ ਨਾਲ ਹੋਣਾ ਚਾਹੀਦਾ ਹੈ। ਖੂਬ ਪਸੀਨਾ ਵਹਾ ਕੇ ਇਕ ਬਲਾਈਂਡ ਕ੍ਰਿਕਟਰ ਤਿਆਰ ਹੁੰਦਾ ਹੈ। ਜੇਕਰ ਉਸ ਨੂੰ ਸਰਕਾਰ ਤੋਂ ਸਹਾਇਤਾ ਨਾ ਮਿਲੇ ਤਾਂ ਉਸਦੇ ਸਾਰੇ ਸੁਪਨੇ ਟੁੱਟ ਜਾਂਦੇ ਹਨ। ਮੈਂ ਚਾਹੁੰਦਾ ਸੀ ਕਿ ਮੈਂ ਵਰਲਡ ਕੱਪ ਜਿੱਤਾਂ ਤਾਂ ਮੈਨੂੰ ਨੌਕਰੀ ਮਿਲੇਗੀ। ਮੈਂ ਵਰਲਡ ਕੱਪ ਜਿੱਤਿਆ ਪਰ ਮੈਨੂੰ ਸਰਕਾਰੀ ਨੌਕਰੀ ਨਹੀਂ ਮਿਲੀ। ਅਜੇ ਮੈਂ ਪੀ. ਏ. ਪੀ. ਵਿਚ ਦਰਜਾ-3 ਕਰਮਚਾਰੀ ਹਾਂ ਪਰ ਮੇਰੀ ਉਮੀਦ ਅਜੇ ਟੁੱਟੀ ਨਹੀਂ ਹੈ।