ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ ਦੀ ਜਗ੍ਹਾ ਨਵੇਂ ਖਿਡਾਰੀ ਨੂੰ ਮੌਕਾ

Wednesday, Nov 11, 2026 - 07:43 PM (IST)

ਪੰਜਾਬ ਦੀ ਕ੍ਰਿਕਟ ਟੀਮ ਦਾ ਐਲਾਨ: ਸਟਾਰ ਆਲਰਾਊਂਡਰ ਨੂੰ ਕਪਤਾਨੀ, ਪ੍ਰਭਸਿਮਰਨ ਸਿੰਘ ਦੀ ਜਗ੍ਹਾ ਨਵੇਂ ਖਿਡਾਰੀ ਨੂੰ ਮੌਕਾ

ਚੰਡੀਗੜ੍ਹ (ਆਈ.ਏ.ਐੱਨ.ਐੱਸ.): ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਸੱਯਦ ਮੁਸ਼ਤਾਕ ਅਲੀ ਟ੍ਰਾਫੀ 2026-27 ਲਈ 17 ਮੈਂਬਰੀ ਪੰਜਾਬ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਦੀ ਕਮਾਨ ਆਲਰਾਊਂਡਰ ਰਮਨਦੀਪ ਸਿੰਘ ਸੰਭਾਲਣਗੇ। ਟੀਮ ਵਿਚ ਨੌਜਵਾਨ ਜੋਸ਼ ਅਤੇ ਅਨੁਭਵ ਦਾ ਵਧੀਆ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ, ਜਿਸ ਵਿਚ ਭਾਰਤ ਦੇ ਤਜ਼ਰਬੇਕਾਰ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਮਹਿਮਾਨ ਖਿਡਾਰੀ  ਵਜੋਂ ਜੁੜੇ ਹਨ। 

ਟੂਰਨਾਮੈਂਟ ਦੌਰਾਨ ਖਿਡਾਰੀਆਂ ਦੀ ਉਪਲਬਧਤਾ ਵਿਚ ਵੀ ਕੁਝ ਮਹੱਤਵਪੂਰਨ ਬਦਲਾਅ ਦੇਖਣ ਨੂੰ ਮਿਲਣਗੇ। ਪਾਕਿਸਤਾਨ ਵਿਰੁੱਧ ਧਮਾਕੇਦਾਰ ਸੈਂਕੜਾ ਲਗਾਉਣ ਵਾਲਾ ਨੌਜਵਾਨ ਬੱਲੇਬਾਜ਼ ਅਰਜੁਨ ਰਾਜਪੂਤ ਮਸਕਟ ਵਿਚ ਅੰਡਰ-19 ਏਸ਼ੀਆ ਕੱਪ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਪੰਜਾਬ ਸਕੁਐਡ ਨਾਲ ਜੁੜੇਗਾ। ਦੂਜੇ ਪਾਸੇ, ਵਿਕਟਕੀਪਰ-ਬੱਲੇਬਾਜ਼ ਪ੍ਰਭਸਿਮਰਨ ਸਿੰਘ ਨੂੰ ਦੋਹਾ ਵਿਚ ਹੋਣ ਵਾਲੇ ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਲਈ 'ਇੰਡੀਆ ਏ' ਟੀਮ ਵਿਚ ਚੁਣਿਆ ਗਿਆ ਹੈ, ਜਿਸ ਕਰਕੇ ਉਨ੍ਹਾਂ ਦੇ ਜਾਣ ਤੋਂ ਬਾਅਦ ਸਹਿਜ ਧਵਨ ਬਦਲਵੇਂ ਖਿਡਾਰੀ ਵਜੋਂ ਟੀਮ ਵਿਚ ਸ਼ਾਮਲ ਹੋਣਗੇ। ਫਿਲਹਾਲ ਸਲਿਲ ਅਰੋੜਾ ਟੀਮ ਦੇ ਮੁੱਖ ਵਿਕਟਕੀਪਰ ਦੀ ਭੂਮਿਕਾ ਨਿਭਾਉਣਗੇ।

ਟੀਮ ਦੇ ਬੈਟਿੰਗ ਲਾਈਨ-ਅੱਪ ਨੂੰ ਅਨਮੋਲਪ੍ਰੀਤ ਸਿੰਘ, ਸੰਵੀਰ ਸਿੰਘ, ਉਦੇ ਸਹਾਰਨ ਅਤੇ ਵਿਹਾਨ ਮਲਹੋਤਰਾ ਮਜ਼ਬੂਤੀ ਦੇਣਗੇ। ਗੇਂਦਬਾਜ਼ੀ ਵਿਚ ਉਮੇਸ਼ ਯਾਦਵ ਦਾ ਸਾਥ ਖੱਬੇ ਹੱਥ ਦੇ ਸਪਿਨਰ ਹਰਪ੍ਰੀਤ ਬਰਾੜ ਅਤੇ ਲੈੱਗ-ਸਪਿਨਰ ਰਘੂ ਸ਼ਰਮਾ ਦੇਣਗੇ। ਇਨ੍ਹਾਂ ਤੋਂ ਇਲਾਵਾ ਸਕੁਐਡ ਵਿਚ ਸੁਖਦੀਪ ਬਾਜਵਾ, ਕ੍ਰਿਸ਼ ਭਗਤ, ਜਸ਼ਨ ਜਿੰਦਲ, ਈਮਾਨਜੋਤ ਸਿੰਘ ਚਾਹਲ, ਸਾਹਿਲ ਭਾਸਕਰ, ਕਾਰਤਿਕ ਚੱਢਾ ਅਤੇ ਵਿਸ਼ਵ ਨਾਥ ਪ੍ਰਤਾਪ ਸ਼ਾਮਲ ਹਨ।

ਐਲੀਟ ਗਰੁੱਪ 'ਬੀ' ਵਿਚ ਮੌਜੂਦ ਪੰਜਾਬ ਦੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ 14 ਨਵੰਬਰ ਨੂੰ ਹਰਿਆਣਾ ਵਿਰੁੱਧ ਮੈਚ ਨਾਲ ਕਰੇਗੀ। ਇਸ ਤੋਂ ਬਾਅਦ 16 ਨਵੰਬਰ ਨੂੰ ਦਿੱਲੀ, 18 ਨਵੰਬਰ ਨੂੰ ਰੇਲਵੇ, 20 ਨਵੰਬਰ ਨੂੰ ਤਾਮਿਲਨਾਡੂ, 22 ਨਵੰਬਰ ਨੂੰ ਜੰਮੂ-ਕਸ਼ਮੀਰ, 24 ਨਵੰਬਰ ਨੂੰ ਸੌਰਾਸ਼ਟਰ ਅਤੇ 26 ਨਵੰਬਰ ਨੂੰ ਬਿਹਾਰ ਵਿਰੁੱਧ ਮੈਚ ਖੇਡੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਨੇ 2023/24 ਵਿਚ ਇਹ ਖ਼ਿਤਾਬ ਜਿੱਤਿਆ ਸੀ ਅਤੇ ਟੀਮ ਚਾਰ ਵਾਰ ਉਪ-ਜੇਤੂ ਵੀ ਰਹਿ ਚੁੱਕੀ ਹੈ।


author

Anmol Tagra

Content Editor

Related News