ਪੰਜਾਬ ਦੇ ਅਭਿਸ਼ੇਕ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ ''ਚ ਲਾਇਆ ਸਭ ਤੋਂ ਤੇਜ਼ ਸੈਂਕੜਾ
Thursday, Dec 05, 2024 - 04:33 PM (IST)
ਰਾਜਕੋਟ- ਪੰਜਾਬ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਵੀਰਵਾਰ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ 'ਚ ਮੇਘਾਲਿਆ ਖਿਲਾਫ 28 ਗੇਂਦਾਂ 'ਚ ਰਿਕਾਰਡ ਸੈਂਕੜਾ ਜੜਿਆ। ਇਸ ਨਾਲ ਉਹ ਉਰਵਿਲ ਪਟੇਲ ਦੇ ਨਾਲ ਸਭ ਤੋਂ ਤੇਜ਼ ਟੀ-20 ਸੈਂਕੜਾ ਲਗਾਉਣ ਵਾਲਾ ਭਾਰਤੀ ਖਿਡਾਰੀ ਬਣ ਗਿਆ ਹੈ। 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਪੰਜਾਬ ਲਈ ਹਰਨੂਰ ਸਿੰਘ ਦੇ ਨਾਲ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਮੈਦਾਨ 'ਤੇ ਆਏ ਅਭਿਸ਼ੇਕ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 29 ਗੇਂਦਾਂ 'ਚ ਅਜੇਤੂ 106 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ 'ਚ 8 ਚੌਕੇ ਅਤੇ 11 ਛੱਕੇ ਲਗਾਏ। ਅਭਿਸ਼ੇਕ ਦੀ ਇਸ ਹਮਲਾਵਰ ਪਾਰੀ ਦੀ ਬਦੌਲਤ ਪੰਜਾਬ ਨੇ 9.3 ਓਵਰਾਂ 'ਚ ਤਿੰਨ ਵਿਕਟਾਂ 'ਤੇ 144 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਪੰਜਾਬ ਦੀ ਗਰੁੱਪ ਏ ਵਿੱਚ ਸੱਤ ਮੈਚਾਂ ਵਿੱਚੋਂ ਇਹ ਪੰਜਵੀਂ ਜਿੱਤ ਹੈ ਅਤੇ ਇਸ ਜਿੱਤ ਨਾਲ ਉਸ ਨੇ ਨਾਕਆਊਟ ਵਿੱਚ ਜਾਣ ਲਈ ਆਪਣੀ ਨੈੱਟ ਰਨ ਰੇਟ ਵਿੱਚ ਵੀ ਵਾਧਾ ਕਰ ਲਿਆ ਹੈ। 28 ਗੇਂਦਾਂ ਵਿੱਚ ਲਗਾਇਆ ਇਹ ਸੈਂਕੜਾ ਹੁਣ ਦੁਨੀਆ ਦਾ ਸਾਂਝਾ ਦੂਜਾ ਸਭ ਤੋਂ ਤੇਜ਼ ਸੈਂਕੜਾ ਹੈ। ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਐਸਟੋਨੀਆ ਦੇ ਸਾਹਿਲ ਚੌਹਾਨ ਦੇ ਨਾਂ ਹੈ। ਸਾਹਿਲ ਚੌਹਾਨ ਨੇ ਇਸ ਸਾਲ ਜੂਨ 'ਚ ਸਾਈਪ੍ਰਸ ਖਿਲਾਫ 27 ਗੇਂਦਾਂ 'ਚ ਸੈਂਕੜਾ ਲਗਾਇਆ ਸੀ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੇਘਾਲਿਆ ਨੇ 20 ਓਵਰਾਂ 'ਚ ਸੱਤ ਵਿਕਟਾਂ 'ਤੇ 142 ਦੌੜਾਂ ਬਣਾਈਆਂ ਸਨ। ਮੇਘਾਲਿਆ ਦੇ ਅਰਪਿਤ ਭਟੇਵਾੜਾ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ। ਯੋਗੇਸ਼ ਤਿਵਾਰੀ (20), ਲੈਰੀ ਸੰਗਮਾ (21), ਜਸਕੀਰਤ ਸਿੰਘ (15), ਇਬਿਟਲੰਗ ਥਾਬਾ (17) ਅਤੇ ਆਰੀਅਨ ਸੰਗਮਾ (13) ਦੌੜਾਂ ਬਣਾ ਕੇ ਆਊਟ ਹੋ ਗਏ।