ਪੂਰੇ ਦੇਸ਼ ਨੂੰ ਭਾਰਤੀ ਓਲੰਪਿਕ ਦਲ ’ਤੇ ਮਾਣ ਹੈ : ਰਾਸ਼ਟਰਪਤੀ ਕੋਵਿੰਦ
Sunday, Aug 15, 2021 - 10:33 AM (IST)
ਨਵੀਂ ਦਿੱਲੀ— ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ਨੀਵਾਰ ਨੂੰ ਕਿਹਾ ਕਿ ਟੋਕੀਓ ਓਲੰਪਿਕ 'ਚ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਤੇ ਦੇਸ਼ ਨੂੰ ਖਿਡਾਰੀਆਂ 'ਤੇ ਮਾਣ ਹੈ। ਕੋਵਿੰਦ ਨੇ ਇੱਥੇ ਰਾਸ਼ਟਰਪਤੀ ਭਵਨ ਦੇ ਸੱਭਿਆਚਾਰਕ ਕੇਂਦਰ ਵਿਚ ਟੋਕੀਓ ਓਲੰਪਿਕ 2020 ਵਿਚ ਹਿੱਸਾ ਲੈਣ ਵਾਲੀ ਭਾਰਤੀ ਟੀਮ ਨੂੰ ਚਾਹ 'ਤੇ ਬੁਲਾਇਆ ਸੀ। ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ ਜਿਨ੍ਹਾਂ ਨੇ ਆਪਣੇ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ।
ਓਲੰਪਿਕ ਵਿਚ ਹਿੱਸੇਦਾਰੀ ਦੇ ਇਤਿਹਾਸ ਵਿਚ ਇਸ ਭਾਰਤੀ ਟੀਮ ਨੇ ਹੁਣ ਤਕ ਦਾ ਸਰਬੋਤਮ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਨੇ ਟੋਕੀਓ ਓਲੰਪਿਕ ਵਿਚ ਇਕ ਗੋਲਡ ਸਮੇਤ ਕੁੱਲ ਸੱਤ ਮੈਡਲ ਹਾਸਲ ਕੀਤੇ ਜਿਸ ਵਿਚ ਦੋ ਸਿਲਵਰ ਵੀ ਸ਼ਾਮਲ ਸਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਦੀਆਂ ਉਪਲੱਬਧੀਆਂ ਨੇ ਨੌਜਵਾਨਾਂ ਨੂੰ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰਰੇਰਿਤ ਕੀਤਾ। ਜ਼ਿਆਦਾਤਰ ਖਿਡਾਰੀ ਆਪਣੀ ਖੇਡ ਦੇ ਕਰੀਅਰ ਦੀ ਸ਼ੁਰੂਆਤ ਵਿਚ ਹਨ।
ਟੋਕੀਓ ਵਿਚ ਜਿਸ ਜਜ਼ਬੇ ਤੇ ਯੋਗਤਾ ਨਾਲ ਸਾਰੇ ਖਿਡਾਰੀਆਂ ਨੇ ਪ੍ਰਦਰਸ਼ਨ ਕੀਤਾ ਉਸ ਨਾਲ ਆਉਣ ਵਾਲੇ ਸਮੇਂ ਵਿਚ ਖੇਡ ਦੀ ਦੁਨੀਆ ਵਿਚ ਭਾਰਤ ਦੀ ਸਥਿਤੀ ਪ੍ਰਭਾਵਸ਼ਾਲੀ ਹੋਵੇਗੀ। ਇਸ ਦੌਰਾਨ ਰਾਸ਼ਟਰਪਤੀ ਨੇ ਪੂਰੀ ਭਾਰਤੀ ਟੀਮ ਨੂੰ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਵਧਾਈ ਦਿੱਤੀ ਤੇ ਨਾਲ ਹੀ ਕੋਚਾਂ, ਸਹਿਯੋਗੀ ਸਟਾਫ, ਪਰਿਵਾਰ ਦੇ ਮੈਂਬਰਾਂ ਤੇ ਸ਼ੁੱਭ ਚਿੰਤਕਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਖਿਡਾਰੀਆਂ ਦੀਆਂ ਤਿਆਰੀਆਂ 'ਚ ਯੋਗਦਾਨ ਦਿੱਤਾ।