ਪ੍ਰਣਯ ਨੇ ਇੰਡੋਨੇਸ਼ੀਆ ਓਪਨ ''ਚ ਲਿਨ ਡੈਨ ਨੂੰ ਹਰਾਇਆ
Tuesday, Jul 03, 2018 - 04:18 PM (IST)

ਜਕਾਰਤਾ : ਭਾਰਤ ਦੇ ਐੱਚ.ਐੱਸ. ਪ੍ਰਣਯ ਨੇ ਮਹਾਨ ਖਿਡਾਰੀ ਚੀਨ ਦੇ ਲਿਨ ਡੈਨ ਜਦਕਿ ਹਮਵਤਨ ਸਮੀਰ ਵਰਮਾ ਨੇ ਡੈਨਮਾਰਕ ਦੇ ਰਾਸਮਸ ਗੇਮਕੇ ਨੂੰ ਹਰਾ ਕੇ ਅੱਜ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ। ਦੁਨੀਆ ਦੇ 13ਵੇਂ ਸਥਾਨ ਦੇ ਖਿਡਾਰੀ ਪ੍ਰਣਯ ਨੇ 8ਵੇਂ ਸਥਾਨ ਦੇ ਲਿਨ ਡੈਨ ਖਿਲਾਫ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲਾ ਗੇਮ 21-15 ਨਾਲ ਜਿੱੱਤਿਆ। ਚੀਨ ਦੇ ਖਿਡਾਰੀ ਨੇ ਹਾਲਾਂਕਿ ਜੋਰਦਾਰ ਵਾਪਸੀ ਕਰਦੇ ਹੋਏ ਅਗਲਾ ਗੇਮ 9-21 ਨਾਲ ਜਿੱਤ ਕੇ ਮੁਕਾਬਲਾ ਬਰਾਬਰ ਕਰ ਲਿਆ।
ਪ੍ਰਣਯ ਨੇ ਇਸ ਦੇ ਬਾਅਦ ਤੀਜਾ ਅਤੇ ਫਾਈਨਲ ਗੇਮ 21-14 ਨਾਲ ਜਿੱਤ ਕੇ 12,50,000 ਡਾਲਰ ਇਨਾਮੀ ਟੂਰਨਾਮੈਂਟ ਨਾਲ ਲਿਨ ਡੈਨ ਨੂੰ ਬਾਹਰ ਦਾ ਰਾਹ ਦਿਖਾਇਆ। ਹੋਰ ਮੈਚਾਂ 'ਚ ਵਰਮਾ ਨੇ ਗੇਮਕੋ ਨੂੰ ਇਕ ਘੰਟੇ ਤੋਂ ਜ਼ਿਆਦਾ ਚਲੇ ਮੁਕਾਬਲੇ 'ਚ 21-9, 12-21, 22-20 ਨਾਲ ਮਾਤ ਦਿੱਤੀ। ਜੱਕਮਪੁਡੀ ਮੇਘਨਾ ਅਤੇ ਪੂਰਵਿਸ਼ਾ ਐੱਸ, ਰਾਮ ਦੀ ਜੋੜੀ ਨੂੰ ਹਾਲਾਂਕਿ ਅਗਾਥਾ ਇਮਾਨੁਏਲਾ ਅਤੇ ਸਿਤਿ ਫਾਦਿਆ ਸਿਲਵਾ ਰਾਮਾਘੰਤੀ ਦੀ ਇੰਡੋਨੇਸ਼ੀਆ ਦੀ ਜੋੜੀ ਖਿਲਾਫ 11-21, 18-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।