IND vs SLXI ਅਭਿਆਸ ਮੈਚ : ਪਹਿਲੇ ਦਿਨ ਦਾ ਖੇਡ ਖਤਮ, ਭਾਰਤ ਦਾ ਸਕੋਰ 135/3

07/21/2017 8:46:33 PM

ਕੋਲੰਬੋ — ਭਾਰਤੀ ਟੀਮ ਸ਼੍ਰੀਲੰਕਾ ਦੌਰੇ 'ਤੇ ਹੈ, ਜਿੱਥੇ 3 ਮੈਚਾਂ ਦੀ ਟੈਸਟ ਲੜੀ ਤੋਂ ਪਹਿਲਾਂ ਉਹ ਸ਼੍ਰੀਲੰਕਾ ਇਲੈਵਨ ਨਾਲ 2 ਰੋਜ਼ਾ ਅਭਿਆਸ ਮੈਚ ਖੇਡ ਰਹੀ ਹੈ। ਦਿਨ ਦਾ ਖੇਡ ਖਤਮ ਹੋਣ ਤੱਕ ਭਾਰਤੀ ਟੀਮ ਨੇ 30 ਓਵਰਾਂ 'ਚ 3 ਵਿਕਟਾਂ ਗੁਆ ਕੇ 135 ਦੌੜਾਂ ਬਣਾਈਆਂ। ਵਿਰਾਟ ਕੋਹਲੀ (34 ਦੌੜਾਂ) ਅਤੇ ਅਜਿੰਕਯ ਰਹਾਨੇ (30 ਦੌੜਾਂ) ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ। ਪਹਿਲੇ ਦਿਨ ਭਾਰਤੀ ਟੀਮ ਦੇ ਸਪਿਨਰਾਂ ਦਾ ਬੋਲਬਾਲਾ ਰਿਹਾ। ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਨੇ ਮਿਲ ਕੇ ਸ਼੍ਰੀਲੰਕਾ ਨੂੰ ਪਹਿਲੀ ਪਾਰੀ 'ਚ 187 ਦੌੜਾਂ 'ਤੇ ਹੀ ਢੇਰ ਕਰ ਦਿੱਤਾ। ਉਥੇ ਸੱਟ ਤੋਂ ਉਭਰਨ ਦੇ ਬਾਅਦ ਟੀਮ 'ਚ ਵਾਪਸੀ ਕਰਨ ਵਾਲਾ ਕੇ. ਐੱਲ. ਰਾਹੁਲ ਸ਼ਾਨਦਾਰ 54 ਦੌੜਾਂ ਬਣਾ ਕੇ ਲੈਅ ਹਾਸਲ ਕਰ ਚੁੱਕਿਆ ਹੈ।
ਭਾਰਤ ਨੂੰ ਪਹਿਲੇ ਹੀ ਓਵਰ 'ਚ ਅਭਿਨਵ ਮੁਕੁੰਦ ਦੇ ਰੂਪ 'ਚ ਝਟਕਾ ਲੱਗਾ, ਜਦੋਂ ਉਹ ਵਿਸ਼ਵਾ ਫਰਨਾਡਾ ਦੀ ਗੇਂਦ 'ਤੇ ਬਿਨਾ ਖਾਤਾ ਖੋਲ੍ਹੇ ਹੀ ਆਊਟ ਹੋ ਗਿਆ। ਮੁਕੁੰਦ ਤੋਂ ਬਾਅਦ ਬੱਲੇਬਾਜ਼ੀ ਲਈ ਆਇਆ ਚੇਤੇਸ਼ਵਰ ਪੁਜਾਰਾ ਵੀ ਕੁੱਝ ਖਾਸ ਨਹੀਂ ਕਰ ਸਕਿਆ ਅਤੇ 14ਵੇਂ ਓਵਰ 'ਚ ਫਰਨਾਡਾ ਦੀ ਗੇਂਦ 'ਤੇ ਬੋਲਡ ਹੋ ਗਿਆ। ਪੁਜਾਰਾ 12 ਦੌੜਾਂ ਬਣਾ ਕੇ ਆਊਟ ਹੋਇਆ। ਤੀਜੀ ਵਿਕਟ ਲੋਕੇਸ਼ ਰਾਹੁਲ (54 ਦੌੜਾਂ) ਦੇ ਰੂਪ 'ਚ ਡਿੱਗੀ, ਜੋ 22ਵੇਂ ਓਵਰ ਦੀ ਤੀਜੀ ਗੇਂਦ 'ਤੇ ਐੱਲ. ਬੀ. ਡਬਲਯੂ. ਆਊਟ ਕਰਾਰ ਦਿੱਤਾ ਗਿਆ। 
ਇਸ ਤੋਂ ਪਹਿਲਾ 187 ਦੌੜਾਂ 'ਤੇ ਢੇਰ ਹੋਈ ਸ਼੍ਰੀਲੰਕਾ
ਇਸ ਤੋਂ ਪਹਿਲਾ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਸ਼੍ਰੀਲੰਕਾ ਇਲੈਵਨ 55.5 ਓਵਰਾਂ 'ਚ 187 ਦੌੜਾਂ 'ਤੇ ਢੇਰ ਹੋ ਗਈ। ਸ਼੍ਰੀਲੰਕਾ ਵੱਲੋਂ ਦਾਨੁਸ਼ਕਾ ਗੁਣਾਤਿਲਕਾ ਨੇ 74 ਦੌੜਾਂ ਦੀ ਪਾਰੀ ਖੇਡੀ। ਭਾਰਤ ਵੱਲੋਂ ਕੁਲਦੀਪ ਯਾਦਵ ਨੇ 4 ਵਿਕਟਾਂ, ਰਵਿੰਦਰ ਜਡੇਜਾ ਨੇ 3 ਅਤੇ ਮੁਹੰਮਦ ਸ਼ੰਮੀ ਨੇ 2 ਵਿਕਟਾਂ ਹਾਸਲ ਕੀਤੀਆਂ।


Related News