ਪੁਲਸ ਨੇ ਕ੍ਰਿਕਟਰ ਕੇਦਾਰ ਜਾਧਵ ਦੇ ਪਿਤਾ ਨੂੰ ਲੱਭਿਆ, ਸੋਮਵਾਰ ਤੋਂ ਸਨ ਲਾਪਤਾ
Tuesday, Mar 28, 2023 - 03:13 PM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਕੇਦਾਰ ਜਾਧਵ ਦੇ ਪਿਤਾ ਮਹਾਦੇਵ ਜਾਧਵ ਜੋ ਸੋਮਵਾਰ ਸਵੇਰ ਤੋਂ ਪੁਣੇ ਸਥਿਤ ਆਪਣੇ ਘਰ ਤੋਂ ਲਾਪਤਾ ਹੋ ਗਏ ਸਨ, ਨੂੰ ਪੁਲਸ ਨੇ ਲੱਭ ਲਿਆ ਹੈ। ਜਾਧਵ ਨੇ ਆਪਣੇ ਪਿਤਾ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਪੁਲਸ ਵਲੋਂ ਉਨ੍ਹਾਂ ਨੂੰ ਮੁੰਧਵਾ ਇਲਾਕੇ ਤੋਂ ਲੱਭਿਆ ਗਿਆ।
ਅਲੰਕਾਰ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਸੀ ਕਿ ਕੇਦਾਰ ਜਾਧਵ ਦੀ ਸ਼ਿਕਾਇਤ ਮੁਤਾਬਕ ਉਸ ਦੇ 75 ਸਾਲਾ ਪਿਤਾ 'ਡਿਮੈਂਸ਼ੀਆ' (ਭੁੱਲਣ ਦੀ ਬੀਮਾਰੀ) ਤੋਂ ਪੀੜਤ ਸਨ। ਅਧਿਕਾਰੀ ਨੇ ਦੱਸਿਆ ਕਿ ਮਹਾਦੇਵ ਜਾਧਵ ਸਵੇਰ ਦੀ ਸੈਰ ਲਈ ਗਿਆ ਸੀ ਅਤੇ ਉਦੋਂ ਤੋਂ ਲਾਪਤਾ ਹੈ। ਰਿਹਾਇਸ਼ੀ ਕੰਪਲੈਕਸ ਦੇ ਦਰਵਾਜ਼ੇ ਤੋਂ ਬਾਹਰ ਨਿਕਲਣ ਤੋਂ ਬਾਅਦ ਉਸ ਨੂੰ ਦੇਖਿਆ ਨਹੀਂ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ।
ਇਹ ਵੀ ਪੜ੍ਹੋ : IPL 2023 : ਨਿਤੀਸ਼ ਰਾਣਾ ਬਣੇ KKR ਦੇ ਕਪਤਾਨ, ਪਾਓ ਇਕ ਝਾਤ ਉਨ੍ਹਾਂ ਦੇ ਆਈਪੀਐੱਲ ਕਰੀਅਰ 'ਤੇ
ਅੱਜ ਪੁਲਸ ਨੇ ਜਾਧਵ ਨੂੰ ਉਸਦੇ ਪਿਤਾ ਨੂੰ ਮਿਲਣ ਦੀ ਸੂਚਨਾ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਹਾਦੇਵ ਜਾਧਵ ਮੁੰਧਵਾ ਇਲਾਕੇ 'ਚ ਮਿਲੇ ਹਨ। ਮੁੰਧਵਾ ਥਾਣੇ ਦੇ ਸੀਨੀਅਰ ਇੰਸਪੈਕਟਰ ਅਜੀਤ ਲਕੜੇ ਨੇ ਕਿਹਾ, "ਉਨ੍ਹਾਂ ਦੀ ਹਾਲਤ ਠੀਕ ਹੈ ਅਤੇ ਉਨ੍ਹਾਂ ਨੂੰ ਪਰਿਵਾਰ ਦੇ ਨਾਲ ਮਿਲਾ ਦਿੱਤਾ ਗਿਆ ਹੈ।" ਕੇਦਾਰ ਜਾਧਵ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਫੋਟੋ ਪੋਸਟ ਕੀਤੀ ਹੈ ਜਿਸ ਵਿੱਚ ਉਸਨੇ ਆਪਣੇ ਪਿਤਾ ਦੇ ਠੀਕ ਹੋਣ ਦੀ ਜਾਣਕਾਰੀ ਦਿੰਦੇ ਹੋਏ ਲੋਕਾਂ ਦੀਆਂ ਪ੍ਰਾਰਥਨਾਵਾਂ ਲਈ ਧੰਨਵਾਦ ਕੀਤਾ ਹੈ।
ਜ਼ਿਕਰਯੋਗ ਹੈ ਕਿ ਕੇਦਾਰ ਜਾਧਵ ਨੇ ਭਾਰਤ ਲਈ 73 ਵਨਡੇ ਅਤੇ 9 ਟੀ-20 ਮੈਚ ਖੇਡੇ ਹਨ। ਉਸ ਨੇ ਵਨਡੇ ਵਿੱਚ ਸਭ ਤੋਂ ਵੱਧ 120 ਦੇ ਸਰਵਉੱਚ ਸਕੋਰ ਦੇ ਨਾਲ 1389 ਦੌੜਾਂ ਅਤੇ ਟੀ-20 ਵਿੱਚ ਸਭ ਤੋਂ ਵੱਧ 58 ਦੇ ਨਾਲ 122 ਦੌੜਾਂ ਬਣਾਈਆਂ ਹਨ। ਵਨਡੇ ਵਿੱਚ ਉਸ ਨੇ 2 ਸੈਂਕੜੇ ਅਤੇ 6 ਅਰਧ ਸੈਂਕੜੇ ਬਣਾਏ ਹਨ ਜਦਕਿ ਟੀ-20 ਵਿੱਚ ਉਸ ਨੇ ਇੱਕ ਅਰਧ ਸੈਂਕੜਾ ਲਗਾਇਆ ਹੈ। ਇਸ ਤੋਂ ਇਲਾਵਾ ਜਾਧਵ ਨੇ ਵਨਡੇ 'ਚ 27 ਵਿਕਟਾਂ ਵੀ ਲਈਆਂ ਹਨ। ਉਹ 2007 ਤੋਂ ਮਹਾਰਾਸ਼ਟਰ ਲਈ ਰਣਜੀ ਕ੍ਰਿਕਟ ਖੇਡ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।