ਥਾਮਸ ਕੱਪ ਜੇਤੂ ਟੀਮ ਨੂੰ ਮਿਲੇ PM ਮੋਦੀ, ਕਿਹਾ- ਤੁਸੀਂ ਦੇਸ਼ ਦਾ ਵੱਡਾ ਸੁਫ਼ਨਾ ਪੂਰਾ ਕੀਤਾ
Sunday, May 22, 2022 - 02:23 PM (IST)
ਸਪੋਰਟਸ ਡੈਸਕ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਥਾਮਸ ਕੱਪ ਜੇਤੂ ਭਾਰਤੀ ਬੈਡਮਿੰਟਨ ਟੀਮ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੀ. ਐੱਮ. ਮੋਦੀ ਨੇ ਕਿਹਾ ਕਿ ਇਕ ਸਮਾਂ ਸੀ ਜਦੋਂ ਸਾਡੀ ਟੀਮ ਥਾਮਸ ਖ਼ਿਤਾਬ ਜਿੱਤਣ ਦੀ ਲਿਸਟ 'ਚ ਕਾਫ਼ੀ ਪਿੱਛੇ ਹੋਇਆ ਕਰਦੀ ਸੀ। ਭਾਰਤੀਆਂ ਨੇ ਕਦੀ ਇਸ ਖ਼ਿਤਾਬ ਦਾ ਨਾਂ ਨਹੀਂ ਸੁਣਿਆ ਹੋਵੇਗਾ, ਪਰ ਅੱਜ ਤੁਸੀਂ ਇਸ ਨੂੰ ਦੇਸ਼ 'ਚ ਲੋਕਪ੍ਰਿਯ ਕਰ ਦਿੱਤਾ ਹੈ। ਖਿਡਾਰੀਆਂ ਦੀ ਸ਼ਲਾਘਾ ਕਰਦੇ ਹੋਏ ਪੀ. ਐੱਮ. ਮੋਦੀ ਨੇ ਕਿਹਾ ਕਿ ਇਸ ਭਾਰਤੀ ਟੀਮ ਨੇ ਇਹ ਜਜ਼ਬਾ ਜਗਾਇਆ ਹੈ ਕਿ ਮਿਹਨਤ ਕੀਤੀ ਜਾਵੇ, ਤਾਂ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। ਮੁਲਾਕਾਤ ਦੇ ਦੌਰਾਨ ਪੀ. ਐੱਮ. ਮੋਦੀ ਨੇ ਚਿਰਾਗ, ਲਕਸ਼ ਸੇਨ ਤੇ ਐੱਚ. ਐੱਸ. ਪ੍ਰਣਯ ਨਾਲ ਵੀ ਗੱਲ ਕੀਤੀ।
ਇਹ ਵੀ ਪੜ੍ਹੋ : ਹਰਿਆਣਾ ਦੀ ਮਿੱਟੀ ’ਚ ਅਜਿਹਾ ਕੀ ਹੈ... PM ਮੋਦੀ ਦੇ ਸਵਾਲ ਦਾ ਖਿਡਾਰੀ ਨੇ ਦਿੱਤਾ ਇਹ ਜਵਾਬ
Interacted with our badminton champions, who shared their experiences from the Thomas Cup and Uber Cup. The players talked about different aspects of their game, life beyond badminton and more. India is proud of their accomplishments. https://t.co/sz1FrRTub8
— Narendra Modi (@narendramodi) May 22, 2022
ਪੀ. ਐੱਮ. ਮੋਦੀ ਨੇ ਕਿਹਾ ਕਿ ਦਬਾਅ ਹੋਣਾ ਠੀਕ ਹੈ, ਪਰ ਦਬਨਾ ਗ਼ਲਤ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ ਅੱਜ ਲਕਸ਼ ਸੇਨ ਨੇ ਆਪਣਾ ਵਾਅਦਾ ਪੂਰਾ ਕੀਤਾ। ਉਨ੍ਹਾਂ ਨੇ ਫੋਨ 'ਤੇ ਕਿਹਾ ਸੀ ਕਿ ਮਠਿਆਈ ਖਵਾਵਾਂਗਾ, ਅੱਜ ਉਹ ਮੇਰੇ ਲਈ ਮਠਿਆਈ ਲੈ ਕੇ ਆਏ ਹਨ। ਲਕਸ਼ ਨੇ ਕਿਹਾ ਕਿ ਟੂਰਨਾਮੈਂਟ ਦੇ ਦੌਰਾਨ ਉਨ੍ਹਾਂ ਨੂੰ ਫੂਡ ਪੁਆਏਜ਼ਨਿੰਗ ਹੋ ਗਈ ਸੀ। ਇਸ ਕਾਰਨ ਉਹ ਤਿੰਨ ਮੈਚ ਨਹੀਂ ਖੇਡ ਸਕੇ ਸਨ। ਕਿਦਾਂਬੀ ਸ਼੍ਰੀਕਾਂਤ ਨੇ ਕਿਹਾ ਕਿ ਐਥਲੀਟਾਂ ਨੂੰ ਇਹ ਕਹਿੰਦੇ ਹੋਏ ਹਮੇਸ਼ਾ ਮਾਣ ਮਹਿਸੂਸ ਹੋਵੇਗਾ ਕਿ ਸਾਨੂੰ ਆਪਣੇ ਪ੍ਰਧਾਨਮੰਤਰੀ ਦਾ ਸਮਰਥਨ ਪ੍ਰਾਪਤ ਹੈ। ਭਾਰਤੀ ਬੈਡਮਿੰਟਨ ਟੀਮ ਦੇ ਚੀਫ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਪੀ. ਐੱਮ. ਖਿਡਾਰੀਆਂ ਤੇ ਖੇਡ ਦਾ ਸਮਰਥਨ ਕਰਦੇ ਹਨ ਤੇ ਉਨ੍ਹਾਂ ਦੇ ਵਿਚਾਰ ਖਿਡਾਰੀਆਂ ਨਾਲ ਜੁੜਦੇ ਹਨ।
ਇਹ ਵੀ ਪੜ੍ਹੋ : ਸੌਰਵ ਗਾਂਗੁਲੀ ਨੇ ਖ਼ਰੀਦਿਆ ਨਵਾਂ ਘਰ, ਜਾਣੋ ਕਿੰਨੀ ਹੈ ਕੀਮਤ
ਭਾਰਤੀ ਡਬਲਜ਼ ਟੀਮ ਦੇ ਕੋਚ ਮਾਥੀਆਸ ਬੋ ਨੇ ਕਿਹਾ ਕਿ ਮੈਂ ਇਕ ਖਿਡਾਰੀ ਰਿਹਾ ਹਾਂ ਤੇ ਮੈਂ ਦੇਸ਼ ਲਈ ਤਮਗ਼ੇ ਜਿੱਤੇ ਹਨ ਪਰ ਮੇਰੇ ਪ੍ਰਧਾਨਮੰਤਰੀ ਨੇ ਮੈਨੂੰ ਕਦੀ ਮਿਲਣ ਲਈ ਨਹੀਂ ਬੁਲਾਇਆ। ਜ਼ਿਕਰਯੋਗ ਹੈ ਕਿ ਮਾਥੀਆਸ ਡੈਨਮਾਰਕ ਦੇ ਇੰਟਰਨੈਸ਼ਨਲ ਬੈਡਮਿੰਟਨ ਪਲੇਅਰ ਰਹੇ ਹਨ। 14 ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਨੂੰ ਮਾਤ ਦੇ ਕੇ ਭਾਰਤ ਨੇ ਪਹਿਲੀ ਵਾਰ ਥਾਮਸ ਕੱਪ ਜਿੱਤਿਆ ਤੇ ਇਤਿਹਾਸ 'ਚ ਆਪਣਾ ਨਾਂ ਦਰਜ ਕਰਾਇਆ। ਲਕਸ਼ ਸੇਨ, ਕਿਦਾਂਬੀ ਸ਼੍ਰੀਕਾਂਤ ਸਮੇਤ ਹੋਰਨਾਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਭਾਰਤ ਨੇ 73 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਇਸ ਟੂਰਨਾਮੈਂਟ ਨੂੰ ਜਿੱਤਣ 'ਚ ਸਫਲਤਾ ਹਾਸਲ ਕੀਤੀ ਹੈ। ਥਾਮਸ ਕੱਪ ਨੂੰ ਪੁਰਸ਼ਾਂ ਦੀ ਵਿਸ਼ਵ ਟੀਮ ਚੈਂਪੀਅਨਸ਼ਿਪ ਵੀ ਕਿਹਾ ਜਾਂਦਾ ਹੈ, ਅਜਿਹੇ 'ਚ ਇਹ ਜਿੱਤ 1983 ਕ੍ਰਿਕਟ ਵਿਸ਼ਵ ਕੱਪ ਦੀ ਜਿੱਤ ਵਾਂਗ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।