ਰਿਸ਼ਭ ਪੰਤ ਦੇ ਮਾਮਲੇ 'ਤੇ ਬੋਲੇ ਕਪਿਲ ਦੇਵ, ਅਜਿਹੇ ਹਾਦਸਿਆਂ ਤੋਂ ਬਚਣ ਲਈ ਦਿੱਤੀ ਨੇਕ ਸਲਾਹ
Tuesday, Jan 03, 2023 - 10:56 AM (IST)
![ਰਿਸ਼ਭ ਪੰਤ ਦੇ ਮਾਮਲੇ 'ਤੇ ਬੋਲੇ ਕਪਿਲ ਦੇਵ, ਅਜਿਹੇ ਹਾਦਸਿਆਂ ਤੋਂ ਬਚਣ ਲਈ ਦਿੱਤੀ ਨੇਕ ਸਲਾਹ](https://static.jagbani.com/multimedia/2023_1image_10_56_261340024pant.jpg)
ਨਵੀਂ ਦਿੱਲੀ (ਭਾਸ਼ਾ)– ਦਿੱਗਜ ਕ੍ਰਿਕਟਰ ਕਪਿਲ ਦੇਵ ਦਾ ਮੰਨਣਾ ਹੈ ਕਿ ਰਿਸ਼ਭ ਪੰਤ ਵਰਗੇ ਦੇਸ਼ ਦੀ ਨੁਮਾਇੰਦਗੀ ਕਰਨ ਵਾਲੇ ਕਿਸੇ ਵੀ ਕ੍ਰਿਕਟਰ ਨੂੰ ‘ਵਧੇਰੇ ਚੌਕਸੀ’ ਵਰਤਣੀ ਚਾਹੀਦੀ ਹੈ ਤੇ ਪਿਛਲੇ ਹਫ਼ਤੇ ਵਾਪਰੇ ਹਾਦਸੇ ਵਰਗੀ ਸਥਿਤੀ ਤੋਂ ਬਚਣ ਲਈ ਖਿਡਾਰੀਆਂ ਨੂੰ ਖੁਦ ਗੱਡੀ ਚਲਾਉਣ ਦੀ ਬਜਾਏ ਡਰਾਈਵਰ ਨੂੰ ਰੱਖ ਲੈਣਾ ਚਾਹੀਦਾ ਹੈ। ਪੰਤ ਉਸ ਸਮੇਂ ਵਾਲ-ਵਾਲ ਬਚ ਗਿਆ ਜਦੋਂ ਉਸ ਦੀ ਲਗਜ਼ਰੀ ਕਾਰ ਨੂੰ ਸ਼ੁੱਕਰਵਾਰ ਨੂੰ ਤੜਕੇ ਦਿੱਲੀ-ਦੇਹਰਾਦੂਨ ਹਾਈਵੇਅ 'ਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਦੇ ਬਾਅਦ ਅੱਗ ਲੱਗ ਗਈ ਸੀ। ਉਹ ਆਪਣੀ ਮਾਂ ਨੂੰ 'ਸਰਪ੍ਰਾਈਜ਼' ਦੇਣ ਲਈ ਰੁੜਕੀ ਜਾ ਰਿਹਾ ਸੀ। ਉਸ ਦੀ ਹਾਲਤ ਵਿਚ ਸੁਧਾਰ ਹੋਣ ਤੋਂ ਬਾਅਦ ਉਸ ਨੂੰ ਮੈਕਸ ਹਸਪਤਾਲ ਦੇ ਆਈ.ਸੀ.ਯੂ. ਤੋਂ ਪ੍ਰਾਈਵੇਟ ਵਾਰਡ ਵਿਚ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਨਵੇਂ ਸਾਲ 'ਤੇ ਮਾਂ ਨੂੰ ਸਰਪ੍ਰਾਈਜ਼ ਦੇਣ ਜਾ ਰਹੇ ਰਿਸ਼ਭ ਪੰਤ ਨੂੰ ਇਸ ਗ਼ਲਤੀ ਨੇ ਪਹੁੰਚਾਇਆ ਹਸਪਤਾਲ
ਭਾਰਤੀ ਟੀਮ ਨੂੰ 1983 ਵਿਚ ਵਿਸ਼ਵ ਕੱਪ ਜੇਤੂ ਬਣਾਉਣ ਵਾਲੇ ਕਪਤਾਨ ਨੇ ਕਿਹਾ, ‘‘ਅਸੀਂ ਅਜਿਹੇ ਹਾਦਸਿਆਂ ਨੂੰ ਟਾਲ ਸਕਦੇ ਹਾਂ। ਅਜਿਹੇ ਵਿਸ਼ੇਸ਼ ਖਿਡਾਰੀਆਂ ਨੂੰ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ। ਜਦੋਂ ਮੈਂ ਇਕ ਉੱਭਰਦਾ ਹੋਇਆ ਕ੍ਰਿਕਟਰ ਸੀ, ਤਾਂ ਮੈਨੂੰ ਮੋਟਰਸਾਈਕਲ ਹਾਦਸੇ ਦਾ ਸਾਹਮਣਾ ਕਰਨਾ ਪਿਆ ਸੀ। ਉਸ ਦਿਨ ਤੋਂ ਬਾਅਦ ਮੇਰੇ ਭਰਾ ਨੇ ਮੈਨੂੰ ਮੋਟਰਸਾਈਕਲ ਛੂਹਣ ਤਕ ਨਹੀਂ ਦਿੱਤਾ। ਮੈਂ ਸਿਰਫ ਪ੍ਰਮਾਤਮਾ ਦਾ ਧੰਨਵਾਦੀ ਹਾਂ ਕਿ ਰਿਸ਼ਭ ਪੰਤ ਸੁਰੱਖਿਅਤ ਹੈ।’’
ਇਸ 63 ਸਾਲਾ ਸਾਬਕਾ ਖਿਡਾਰੀ ਨੇ ਕਿਹਾ, ‘‘ਖਿਡਾਰੀਆਂ ਨੂੰ ਸਾਵਧਾਨ ਰਹਿਣਾ ਪਵੇਗਾ। ਉਨ੍ਹਾਂ ਨੂੰ ਖੁਦ ਗੱਡੀ ਚਲਾਉਣ ਦੀ ਲੋੜ ਨਹੀਂ ਹੈ। ਉਹ ਆਸਾਨੀ ਨਾਲ ਡਰਾਈਵਰ ਦਾ ਖਰਚਾ ਚੁੱਕ ਸਕਦੇ ਹਨ। ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਖ਼ੁਦ ਡ੍ਰਾਈਵਿੰਗ ਕਰਨ ਦਾ ਸ਼ੌਂਕ ਹੈ ਪਰ ਜਦੋਂ ਕਿਸੇ 'ਤੇ ਜ਼ਿੰਮੇਵਾਰੀਆਂ ਹੁੰਦੀਆਂ ਹਨ ਤਾਂ ਉਸਨੂੰ ਖੁਦ ਹੀ ਆਪਣਾ ਖਿਆਲ ਰੱਖਣਾ ਚਾਹੀਦਾ ਹੈ।’’ ਗੋਡੇ ਅਤੇ ਗਿੱਟੇ ਦੀ ਗੰਭੀਰ ਸੱਟ ਕਾਰਨ ਪੰਤ ਘੱਟੋ-ਘੱਟ 6 ਮਹੀਨਿਆਂ ਲਈ ਖੇਡ ਤੋਂ ਬਾਹਰ ਰਹੇਗਾ।
ਇਹ ਵੀ ਪੜ੍ਹੋ: ਹਰਿਆਣਾ ਰੋਡਵੇਜ਼ ਨੇ ਕ੍ਰਿਕਟਰ ਰਿਸ਼ਭ ਪੰਤ ਨੂੰ ਬਚਾਉਣ ਵਾਲੇ ਡਰਾਈਵਰ ਤੇ ਕੰਡਕਟਰ ਨੂੰ ਕੀਤਾ ਸਨਮਾਨਿਤ