PCB ਮੁਖੀ ਨੂੰ ਭਰੋਸਾ, ਟੀਮ ਇੰਡੀਆ ਚੈਂਪੀਅਨਸ ਟਰਾਫੀ ਲਈ ਪਾਕਿਸਤਾਨ ਆਵੇਗੀ
Monday, Oct 07, 2024 - 04:51 PM (IST)
ਲਾਹੌਰ— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਚੇਅਰਮੈਨ ਮੋਹਸਿਨ ਨਕਵੀ ਨੇ ਸੋਮਵਾਰ ਨੂੰ ਭਰੋਸਾ ਜਤਾਇਆ ਕਿ ਆਈਸੀਸੀ ਚੈਂਪੀਅਨਜ਼ ਟਰਾਫੀ ਦੇਸ਼ 'ਚ ਹੋਵੇਗੀ ਅਤੇ ਇਸ ਟੂਰਨਾਮੈਂਟ 'ਚ ਪੁਰਾਣੇ ਵਿਰੋਧੀ ਭਾਰਤ ਸਮੇਤ ਸਾਰੀਆਂ ਟੀਮਾਂ ਹਿੱਸਾ ਲੈਣਗੀਆਂ।
ਚੈਂਪੀਅਨਸ ਟਰਾਫੀ 2025 ਦੀ ਸ਼ੁਰੂਆਤ 19 ਫਰਵਰੀ ਨੂੰ ਹੋਣੀ ਹੈ ਜਦਕਿ ਫਾਈਨਲ 9 ਮਾਰਚ ਨੂੰ ਖੇਡਿਆ ਜਾਣਾ ਹੈ। ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਨੂੰ ਸਥਾਨਾਂ ਵਜੋਂ ਚੁਣਿਆ ਗਿਆ ਹੈ। ਦੋਵਾਂ ਦੇਸ਼ਾਂ ਦੇ ਤਣਾਅਪੂਰਨ ਸਿਆਸੀ ਸਬੰਧਾਂ ਕਾਰਨ ਭਾਰਤ ਨੇ ਜੁਲਾਈ 2008 ਤੋਂ ਆਪਣੀ ਟੀਮ ਪਾਕਿਸਤਾਨ ਨਹੀਂ ਭੇਜੀ ਹੈ।
ਨਕਵੀ ਨੇ ਕਿਹਾ, 'ਭਾਰਤੀ ਟੀਮ ਨੂੰ ਆਉਣਾ ਚਾਹੀਦਾ ਹੈ। ਮੈਨੂੰ ਨਹੀਂ ਲੱਗਦਾ ਕਿ ਉਹ ਇੱਥੇ ਆਉਣਾ ਰੱਦ ਜਾਂ ਮੁਲਤਵੀ ਕਰਨਗੇ ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਵਿੱਚ ਸਾਰੀਆਂ ਟੀਮਾਂ ਦੀ ਮੇਜ਼ਬਾਨੀ ਕਰਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਭਾਰਤ ਸਮੇਤ ਸਾਰੀਆਂ ਟੀਮਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ ਅਤੇ ਤਿਆਰੀਆਂ ਤੈਅ ਸਮੇਂ ਮੁਤਾਬਕ ਚੱਲ ਰਹੀਆਂ ਹਨ। ਨਕਵੀ ਨੇ ਕਿਹਾ, 'ਸਟੇਡੀਅਮ ਵੀ ਸਮੇਂ 'ਤੇ ਮੈਚਾਂ ਦੀ ਮੇਜ਼ਬਾਨੀ ਲਈ ਤਿਆਰ ਹੋਣਗੇ।'