ਪਾਟੀਦਾਰ ਤੇ ਰਾਠੌੜ ਦੇ ਸੈਂਕੜੇ, ਮੱਧ ਖੇਤਰ ਨੇ ਦੱਖਣੀ ਖੇਤਰ ’ਤੇ 235 ਦੌੜਾਂ ਦੀ ਬੜ੍ਹਤ ਹਾਸਲ ਕੀਤੀ

Friday, Sep 12, 2025 - 11:11 PM (IST)

ਪਾਟੀਦਾਰ ਤੇ ਰਾਠੌੜ ਦੇ ਸੈਂਕੜੇ, ਮੱਧ ਖੇਤਰ ਨੇ ਦੱਖਣੀ ਖੇਤਰ ’ਤੇ 235 ਦੌੜਾਂ ਦੀ ਬੜ੍ਹਤ ਹਾਸਲ ਕੀਤੀ

ਬੈਂਗਲੁਰੂ (ਭਾਸ਼ਾ)– ਕਪਤਾਨ ਰਜਤ ਪਾਟੀਦਾਰ (101) ਤੇ ਯਸ਼ ਰਾਠੌੜ (ਅਜੇਤੂ 137) ਨੇ ਦੱਖਣੀ ਖੇਤਰ ਦੇ ਸਪਿੰਨ ਗੇਂਦਬਾਜ਼ੀ ਦੇ ਘੱਟ ਬਦਲਾਂ ਦਾ ਫਾਇਦਾ ਚੁੱਕ ਕੇ ਸੈਂਕੜਾ ਲਾਉਂਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਦਲੀਪ ਟਰਾਫੀ ਫਾਈਨਲ ਦੇ ਦੂਜੇ ਦਿਨ ਮੱਧ ਖੇਤਰ ਨੂੰ 5 ਵਿਕਟਾਂ ’ਤੇ 384 ਦੌੜਾਂ ਬਣਾਉਣ ਵਿਚ ਮਦਦ ਕੀਤੀ।

ਦੱਖਣੀ ਖੇਤਰ ਵੀਰਵਾਰ ਨੂੰ ਪਹਿਲੀ ਪਾਰੀ ਵਿਚ 149 ਦੌੜਾਂ ’ਤੇ ਸਿਮਟ ਗਿਆ ਸੀ, ਜਿਸ ਨਾਲ ਮੱਧ ਖੇਤਰ ਦੀ ਬੜ੍ਹਤ 235 ਦੌੜਾਂ ਦੀ ਹੋ ਗਈ ਹੈ। ਪਾਟੀਦਾਰ ਨੇ ਆਪਣਾ 15ਵਾਂ ਤੇ ਰਾਠੌੜ ਨੇ 7ਵਾਂ ਪਹਿਲੀ ਸ਼੍ਰੇਣੀ ਸੈਂਕੜਾ ਲਾਇਆ। ਸਟੰਪ ਤੱਕ ਸੰਸਾਰ ਜੈਨ 47 ਦੌੜਾਂ ਬਣਾ ਕੇ ਰਾਠੌੜ ਦਾ ਸਾਥ ਦੇ ਰਿਹਾ ਸੀ। ਪਾਟੀਦਾਰ ਤੇ ਰਾਠੌੜ ਨੇ ਚੌਥੀ ਵਿਕਟ ਲਈ 167 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਮੈਚ ਨਿਸ਼ਚਿਤ ਰੂਪ ਨਾਲ ਦੱਖਣੀ ਖੇਤਰ ਦੇ ਹੱਥੋਂ ਨਿਕਲ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਮੱਧ ਖੇਤਰ ਨੇ 93 ਦੌੜਾਂ ’ਤੇ 3 ਵਿਕਟਾਂ ਗਵਾ ਦਿੱਤੀਆਂ ਸਨ, ਜਿਸ ਨਾਲ ਟੀਮ ਮੁਸ਼ਕਿਲ ਵਿਚ ਦਿਸ ਰਹੀ ਸੀ।

ਮੱਧ ਖੇਤਰ ਨੇ ਸਵੇਰੇ ਬਿਨਾਂ ਵਿਕਟ ਗਵਾਏ 50 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਪਹਿਲੇ ਸੈਸ਼ਨ ਵਿਚ ਟੀਮ ਨੇ 102 ਦੌੜਾਂ ਜੋੜੀਆਂ ਪਰ ਟੀਮ ਨੇ ਸਲਾਮੀ ਬੱਲੇਬਾਜ਼ ਦਾਨਿਸ਼ ਮਾਲੇਵਾਰ (53), ਅਕਸ਼ੈ ਵਾਡਕਰ (22) ਤੇ ਸ਼ੁਭਮ ਸ਼ਰਮਾ (6) ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ। ਤੇਜ਼ ਗੇਂਦਬਾਜ਼ ਗੁਰਜਪਨੀਤ ਸਿੰਘ (74 ਦੌੜਾਂ ’ਤੇ 3 ਵਿਕਟਾਂ) ਉਸ ਸੈਸ਼ਨ ਦਾ ਸਰਵੋਤਮ ਗੇਂਦਬਾਜ਼ ਰਿਹਾ। ਸਵੇਰ ਦੇ ਸੈਸ਼ਨ ਵਿਚ ਉਸ ਨੂੰ ਮਾਲੇਵਾਰ ਤੇ ਸ਼ੁਭਮ ਦੀ ਵਿਕਟ ਮਿਲੀ ਜਦਕਿ ਉਸਦੇ ਸਾਥੀ ਤੇਜ਼ ਗੇਂਦਬਾਜ਼ ਵਾਸੁਕੀ ਕੌਸ਼ਿਕ ਨੇ ਵਾਡਕਰ ਨੂੰ ਆਊਟ ਕੀਤਾ ਪਰ ਫਿਰ ਦੂਜੇ ਤੇ ਤੀਜੇ ਸੈਸ਼ਨ ਵਿਚ ਪਿੱਚ ਤੇ ਹਾਲਾਤ ਅਨੁਕੂਲ ਹੋ ਗਏ, ਜਿਸ ਦਾ ਪਾਟੀਦਾਰ ਤੇ ਰਾਠੌੜ ਨੇ ਪੂਰਾ ਫਾਇਦਾ ਚੁੱਕਿਆ। ਪਾਟੀਦਾਰ ਨੇ ਲੈੱਗ ਸਪਿੰਨਰ ਰਿਕੀ ਭੂਈ ਦੀ ਗੇਂਦ ’ਤੇ ਬਾਊਂਡਰੀ ਲਾ ਕੇ ਮੱਧ ਖੇਤਰ ਨੂੰ ਦੱਖਣੀ ਖੇਤਰ ਦੇ ਪਹਿਲੀ ਪਾਰੀ ਦੇ ਸਕੋਰ ਦੇ ਪਾਰ ਪਹੁੰਚਾਇਆ।

ਪਹਿਲੀ ਪਾਰੀ ਦੀ ਬੜ੍ਹਤ ਦਾ ਮੁੱਖ ਟੀਚਾ ਹਾਸਲ ਹੋਣ ਤੋਂ ਬਾਅਦ ਪਾਟੀਦਾਰ ਤੇ ਰਾਠੌੜ ਨੇ ਲੰਚ ਤੋਂ ਬਾਅਦ ਸੈਸ਼ਨ ਵਿਚ 124 ਦੌੜਾਂ ਜੋੜ ਕੇ ਆਪਣੀ ਗਤੀ ਬਦਲੀ। ਪਾਟੀਦਾਰ ਨੇ 73 ਗੇਂਦਾਂ ਵਿਚ 50 ਦੌੜਾਂ ਬਣਾਈਆਂ ਪਰ ਉਸਦਾ ਅਗਲਾ ਅਰਧ ਸੈਂਕੜਾ 39 ਗੇਂਦਾਂ ਵਿਚ ਪੂਰਾ ਹੋਇਆ। ਦੱਖਣੀ ਖੇਤਰ ਲਈ ਕੰਮਚਲਾਊ ਲੈੱਗ ਸਪਿੰਨਰ ਰਿਕੀ ਭੂਈ ਨੇ ਕੁਝ ਓਵਰ ਕੀਤੇ। ਜ਼ਿਕਰਯੋਗ ਹੈ ਕਿ ਮੱਧ ਖੇਤਰ ਦੇ ਸਪਿੰਨਰ ਸਾਰਾਂਸ਼ ਜੈਨ ਤੇ ਕੁਮਾਰ ਕਾਰਤੀਕੇਯ ਨੇ ਪਹਿਲੀ ਪਾਰੀ 'ਚ ਮਿਲ ਕੇ 9 ਵਿਕਟਾਂ ਲਈਆਂ ਸਨ।


author

Hardeep Kumar

Content Editor

Related News