ਜ਼ਿੰਬਾਬਵੇ ਦੌਰੇ ਲਈ ਗਿੱਲ ਕਪਤਾਨ, ਪਰਾਗ, ਅਭਿਸ਼ੇਕ ਅਤੇ ਰੈੱਡੀ ਪਹਿਲੀ ਵਾਰ ਭਾਰਤੀ ਟੀਮ ’ਚ ਸ਼ਾਮਲ
Tuesday, Jun 25, 2024 - 06:59 PM (IST)
ਨਵੀਂ ਦਿੱਲੀ : ਆਈਪੀਐੱਲ ਵਿੱਚ ਚੰਗੇ ਪ੍ਰਦਰਸ਼ਨ ਸਦਕਾ ਰਿਆਨ ਪਰਾਗ, ਅਭਿਸ਼ੇਕ ਸ਼ਰਮਾ ਅਤੇ ਨੀਤਿਸ਼ ਰੈੱਡੀ ਨੂੰ ਜ਼ਿੰਬਾਬਵੇ ਦੌਰੇ ਲਈ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਵਿੱਚ ਜਗ੍ਹਾ ਮਿਲੀ ਹੈ, ਜਦਕਿ ਸ਼ੁਭਮਨ ਗਿੱਲ ਟੀਮ ਦਾ ਕਪਤਾਨ ਹੋਵੇਗਾ। ਵੈਸਟ ਇੰਡੀਜ਼ ਅਤੇ ਅਮਰੀਕਾ ਵਿੱਚ ਟੀ20 ਵਿਸ਼ਵ ਕੱਪ ਖੇਡ ਰਹੇ ਸੀਨੀਅਰ ਖਿਡਾਰੀਆਂ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਹਾਰਦਿਕ ਪਾਂਡਿਆ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤਾ ਗਿਆ ਹੈ।
ਜ਼ਿੰਬਾਬਵੇ ਦੌਰਾ ਛੇ ਜਲਾਈ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਪੰਜ ਟੀ20 ਮੈਚ ਖੇਡੇ ਜਾਣਗੇ। ਪਰਾਗ, ਅਭਿਸ਼ੇਕ ਅਤੇ ਰੈੱਡੀ ਤੋਂ ਇਲਾਵਾ ਤੁਸ਼ਾਰ ਦੇਸ਼ਪਾਂਡੇ, ਹਰਸ਼ਿਤ ਰਾਣਾ, ਆਵੇਸ਼ ਖ਼ਾਨ ਅਤੇ ਰਿੰਕੂ ਸਿੰਘ ਨੂੰ ਵੀ ਆਈਪੀਐੱਲ ਵਿੱਚ ਚੰਗੇ ਪ੍ਰਦਰਸ਼ਨ ਕਾਰਨ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਟੀ20 ਵਿਸ਼ਵ ਕੱਪ ਵਿੱਚ ਸ਼ਾਮਲ ਸੰਜੂ ਸੈਮਸਨ ਅਤੇ ਯਸ਼ਸਵੀ ਜੈਸਵਾਲ ਨੂੰ ਵੀ 15 ਮੈਂਬਰੀ ਟੀਮ ਵਿੱਚ ਜਗ੍ਹਾ ਮਿਲੀ ਹੈ।
ਟੀਮ ਇਸ ਤਰ੍ਹਾਂ ਹੈ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਅਭਿਸ਼ੇਕ ਸ਼ਰਮਾ, ਰਿੰਕੂ ਸਿੰਘ, ਸੰਜੂ ਸੈਮਸਨ, ਧਰੁਵ ਜੁਰੇਲ, ਨਿਤਿਸ਼ ਰੈੱਡੀ, ਰਿਆਨ ਪ੍ਰਾਗ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਆਵੇਸ਼ ਖਾਨ, ਖਲੀਲ ਅਹਿਮਦ, ਮੁਕੇਸ਼ ਕੁਮਾਰ, ਤੁਸ਼ਾਰ ਦੇਸ਼ਪਾਂਡੇ।