ਪੰਤ ਲੌਰੀਅਸ ‘ਵਰਲਡ ਕਮਬੈਕ ਆਫ ਦਿ ਯੀਅਰ’ ਐਵਾਰਡ ਲਈ ਨਾਮਜ਼ਦ
Tuesday, Mar 04, 2025 - 02:38 PM (IST)

ਨਵੀਂ ਦਿੱਲੀ– ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਦਸੰਬਰ 2022 ਵਿਚ ਇਕ ਭਿਆਨਕ ਸੜਕ ਹਾਦਸੇ ਤੋਂ ਬਚ ਕੇ ਖੇਡ ਵਿਚ ਵਾਪਸੀ ਕਰਨ ਲਈ ਵੱਕਾਰੀ ਲੌਰੀਅਸ ਵਿਸ਼ਵ ਖੇਡ ਐਵਾਰਡ-2025 ਦੇ ‘ਕਮਬੈਕ ਆਫ ਦਿ ਯੀਅਰ (ਵਾਪਸੀ ਕਰਨ ਵਾਲੇ ਸਾਲ ਦੇ ਸਰਵੋਤਮ ਖਿਡਾਰੀ)’ ਲਈ ਨਾਮਜ਼ਦ ਖਿਡਾਰੀਆਂ ਵਿਚ ਸ਼ਾਮਲ ਕੀਤਾ ਗਿਆ ਹੈ। ਐਵਾਰਡ ਸਮਾਰੋਹ 21 ਅਪ੍ਰੈਲ ਨੂੰ ਮੈਡ੍ਰਿਡ ਵਿਚ ਹੋਵੇਗਾ।
ਪੰਤ ਨੂੰ 3 ਦਸੰਬਰ 2022 ਨੂੰ ਦਿੱਲੀ ਤੋਂ ਆਪਣੇ ਘਰੇਲੂ ਸ਼ਹਿਰ ਰੁੜਕੀ ਲਈ ਜਾਂਦੇ ਸਮੇਂ ਕਾਰ ਹਾਦਸੇ ਦਾ ਸਾਹਮਣਾ ਕਰਨਾ ਪਿਆ ਸੀ।
ਦੇਹਰਾਦੂਨ ਦੇ ਇਕ ਹਸਪਤਾਲ ਵਿਚ ਸ਼ੁਰੂਆਤੀ ਇਲਾਜ ਤੋਂ ਬਾਅਦ ਇਸ 27 ਸਾਲਾ ਖਿਡਾਰੀ ਨੂੰ ਮੁੰਬਈ ਲਿਜਾਇਆ ਗਿਆ, ਜਿੱਥੇ ਬੀ. ਸੀ. ਸੀ. ਆਈ. ਦੇ ਮਾਹਿਰ ਸਲਾਹਕਾਰਾਂ ਦੀ ਦੇਖ-ਰੇਖ ਵਿਚ ਉਸਦਾ ਇਲਾਜ ਹੋਇਆ।
ਸੱਜੇ ਗੋਡੇ ਦੇ ਤਿੰਨੇ ਲਿਗਾਮੈਂਟ ਦੀ ਸਰਜਰੀ ਤੋਂ ਬਾਅਦ ਪੰਤ ਨੇ ਬੈਂਗਲੁਰੂ ਵਿਚ ਰਾਸ਼ਟਰੀ ਕ੍ਰਿਕਟ ਅਕੈਡਮੀ ਵਿਚ ਆਪਣਾ ਰਿਹੈਬਿਲੀਟੇਸ਼ਨ ਪੂਰਾ ਕੀਤਾ।
ਪੰਤ ਸੱਟ ਤੋਂ ਉੱਭਰਨ ਤੋਂ ਬਾਅਦ ਪਿਛਲੇ ਸਾਲ ਮੁੱਲਾਂਪੁਰ ਵਿਚ ਪੰਜਾਬ ਕਿੰਗਜ਼ ਵਿਰੁੱਧ ਆਪਣੀ ਤੱਤਕਾਲੀਨ ਆਈ. ਪੀ. ਐੱਲ. ਫ੍ਰੈਂਚਾਈਜ਼ੀ ਦਿੱਲੀ ਕੈਪੀਟਲਸ ਲਈ ਮੈਦਾਨ ’ਤੇ ਉਤਰਿਆ। ਪੰਤ ਨੇ ਇਸ ਤੋਂ ਬਾਅਦ ਟੈਸਟ ਕ੍ਰਿਕਟ ਵਿਚ ਜੇਤੂ ਵਾਪਸੀ ਕੀਤੀ ਤੇ ਕਾਰ ਹਾਦਸੇ ਤੋਂ ਬਾਅਦ ਆਪਣੇ ਪਹਿਲੇ ਮੈਚ ਵਿਚ ਬੰਗਲਾਦੇਸ਼ ਵਿਰੁੱਧ ਸੈਂਕੜਾ ਬਣਾਇਆ। ਉਸਦੇ ਪ੍ਰਦਰਸ਼ਨ ਨੇ ਭਾਰਤ ਨੂੰ 280 ਦੌੜਾਂ ਨਾਲ ਜਿੱਤ ਦਿਵਾਉਣ ਵਿਚ ਮਦਦ ਕੀਤੀ।