ਅਗਲੇ ਟੈਸਟ ਤੋਂ ਪਹਿਲਾਂ ਪੰਤ ਦੇ ਫਿੱਟ ਹੋਣ ਦੀ ਪੂਰੀ ਸੰਭਾਵਨਾ : ਗਿੱਲ
Wednesday, Jul 16, 2025 - 11:29 AM (IST)

ਲੰਡਨ– ਲਾਰਡਸ ਟੈਸਟ ਦੌਰਾਨ ਆਪਣੀ ਖੱਬੇ ਹੱਥ ਦੀ ਉਂਗਲੀ ਵਿਚ ਸੱਟ ਲੱਗਣ ਦੇ ਬਾਵਜੂਦ ਰਿਸ਼ਭ ਪੰਤ 23 ਜੁਲਾਈ ਤੋਂ ਮਾਨਚੈਸਟਰ ਵਿਚ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਤੋਂ ਪਹਿਲਾਂ ਫਿੱਟ ਹੋ ਸਕਦਾ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਦੱਸਿਆ ਕਿ ਉਸਦੀ ਸਕੈਨ ਵਿਚ ਕੋਈ ਗੰਭੀਰ ਸੱਟ ਨਹੀਂ ਹੈ। ਪੰਤ ਇਸ ਸੀਰੀਜ਼ ਵਿਚ ਦੂਜਾ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਹੈ। ਉਸ ਨੇ 6 ਪਾਰੀਆਂ ਵਿਚ 70.83 ਦੀ ਔਸਤ ਨਾਲ 425 ਦੌੜਾਂ ਬਣਾਈਆਂ ਹਨ ।
ਇੰਗਲੈਂਡ ਦੀ ਪਹਿਲੀ ਪਾਰੀ ਦੌਰਾਨ ਜਦੋਂ 34ਵਾਂ ਓਵਰ ਚੱਲ ਰਿਹਾ ਸੀ ਤਦ ਜਸਪ੍ਰੀਤ ਬੁਮਰਾਹ ਦੀ ਲੈੱਗ ਸਾਈਡ ਦੀ ਇਕ ਗੇਂਦ ਨੂੰ ਫੜਨ ਦੀ ਕੋਸ਼ਿਸ਼ ਵਿਚ ਪੰਤ ਦੀ ਉਂਗਲੀ ’ਤੇ ਗੇਂਦ ਲੱਗ ਗਈ ਸੀ। ਉਹ ਕਾਫੀ ਦਰਦ ਵਿਚ ਸੀ ਤੇ ਫਿਜ਼ੀਓ ਨੂੰ ਮੈਦਾਨ ’ਤੇ ਆਉਣਾ ਪਿਆ, ਜਿਸ ਨਾਲ ਖੇਡ ਥੋੜ੍ਹੀ ਦੂਰ ਤੱਕ ਰੁਕੀ। ਉਸ ਨੇ ਓਵਰ ਤਾਂ ਪੂਰਾ ਕੀਤਾ ਪਰ ਫਿਰ ਵਿਕਟਕੀਪਿੰਗ ਜਾਰੀ ਨਹੀਂ ਰੱਖ ਸਕਿਆ। ਇਸ ਤੋਂ ਬਾਅਦ ਧਰੁਵ ਜੁਰੈਲ ਨੇ ਮੈਚ ਦੇ ਬਾਕੀ ਹਿੱਸੇ ਵਿਚ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਸੰਭਾਲੀ। ਹਾਲਾਂਕਿ ਪੰਤ ਨੇ ਭਾਰਤ ਦੀਆਂ ਦੋਵੇਂ ਪਾਰੀਆਂ ਵਿਚ ਨੰਬਰ-5 ’ਤੇ ਬੱਲੇਬਾਜ਼ੀ ਕੀਤੀ।