ਟੀਮ ਇੰਡੀਆ ਦੇ ਪ੍ਰਸ਼ੰਸਕਾਂ ਲਈ ਰਾਹਤ ਭਰੀ ਖਬਰ, ਚੌਥੇ ਟੈਸਟ ''ਚ ਪੰਤ ਕਰੇਗਾ ਵਿਕਟਕੀਪਿੰਗ
Wednesday, Jul 23, 2025 - 01:41 PM (IST)

ਸਪੋਰਟਸ ਡੈਸਕ- ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਚੌਥੇ ਟੈਸਟ ਵਿਚ ਰਿਸ਼ਭ ਪੰਤ ਦੇ ਵਿਕਟਕੀਪਰ ਦੇ ਤੌਰ ’ਤੇ ਖੇਡਣ ਦੀ ਮੰਗਲਵਾਰ ਨੂੰ ਪੁਸ਼ਟੀ ਕਰਦੇ ਹੋਏ ਕਿਹਾ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਇਸ ਅਹਿਮ ਮੁਕਾਬਲੇ ਵਿਚੋਂ ਬਾਹਰ ਰਹੇਗਾ। ਪੰਤ ਨਾਲ ਜੁੜੀ ਇਹ ਖਬਰ ਭਾਰਤ ਲਈ ਇਕ ਵੱਡੀ ਰਾਹਤ ਹੈ। ਪੰਤ ਨੇ ਸੋਮਵਾਰ ਨੂੰ ਇੱਥੇ ਭਾਰਤੀ ਟੀਮ ਦੇ ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਅਭਿਆਸ ਸੈਸ਼ਨ ਵਿਚ ਹਿੱਸਾ ਲਿਆ ਸੀ। ਗਿੱਲ ਨੇ ਮੈਚ ਦੀ ਪੂਰਬਲੀ ਸ਼ਾਮ ’ਤੇ ਇਹ ਜਾਣਕਾਰੀ ਦਿੱਤੀ।
ਸੱਟ ਦੇ ਕਾਰਨ ਪੰਤ ਤੀਜੇ ਟੈਸਟ ਵਿਚ ਸਿਰਫ 35 ਓਵਰਾਂ ਲਈ ਵਿਕਟਕੀਪਰ ਦੀ ਭੂਮਿਕਾ ਨਿਭਾਅ ਸਕਿਆ ਸੀ। ਬਾਕੀ ਮੈਚ ਵਿਚ ਧਰੁਵ ਜੁਰੇਲ ਨੇ ਇਹ ਜ਼ਿੰਮੇਵਾਰੀ ਸੰਭਾਲੀ ਸੀ। ਜੁਰੈਲ ਦਾ ਵਿਕਟਾਂ ਦੇ ਪਿੱਛੇ ਪ੍ਰਦਰਸ਼ਨ ਹਾਲਾਂਕਿ ਨਿਰਾਸ਼ਾਜਨਕ ਰਿਹਾ ਸੀ। ਉਸ ਨੇ ਕਾਫੀ ਦੌੜਾਂ ਦੇ ਦਿੱਤੀਆਂ ਸਨ ਜਦਕਿ ਇੰਗਲੈਂਡ ਨੇ ਇਸ ਟੈਸਟ ਮੈਚ ਨੂੰ 22 ਦੌੜਾਂ ਨਾਲ ਜਿੱਤਿਆ ਸੀ।
ਗਿੱਲ ਨੇ ਨਾਲ ਹੀ ਹਰਿਆਣਾ ਦੇ ਅੰਸ਼ੁਲ ਕੰਬੋਜ ਦੀ ਸ਼ਲਾਘਾ ਕਰਦੇ ਹੋਏ ਕਿਹਾ,‘‘ ਅਸੀਂ ਅੰਸ਼ੁਲ ਦੀ ਕਲਾ ਦੇਖੀ ਹੈ। ਸਾਨੂੰ ਭਰੋਸਾ ਹੈ ਕਿ ਉਹ ਸਾਡੇ ਲਈ ਮੈਚ ਜੇਤੂ ਸਾਬਤ ਹੋ ਸਕਦਾ ਹੈ। ਕੰਬੋਜ ਕੱਲ ਆਪਣਾ ਡੈਬਿਊ ਕਰਨ ਦੇ ਨੇੜੇ ਹੈ। ਆਖਰੀ-11 ਵਿਚ ਉਸ ਨੂੰ ਮੌਕਾ ਮਿਲੇਗਾ ਜਾਂ ਪ੍ਰਸਿੱਧ ਕ੍ਰਿਸ਼ਣਾ ਨੂੰ, ਇਸਦਾ ਤੁਹਾਨੂੰ ਕੱਲ ਪਤਾ ਲੱਗ ਜਾਵੇਗਾ।’’