ਪੰਕਜ ਅਡਵਾਨੀ ਨੇ ਰਚਿਆ ਇਤਿਹਾਸ, ਜਿੱਤਿਆ ਸਿੰਗਾਪੁਰ ਓਪਨ ਬਿਲੀਅਰਡਸ ਦਾ ਖਿਤਾਬ
Monday, Oct 07, 2024 - 12:06 PM (IST)
ਨਵੀਂ ਦਿੱਲੀ, (ਭਾਸ਼ਾ)– ਭਾਰਤ ਦੇ ਧਾਕੜ ਕਿਊ ਖਿਡਾਰੀ ਪੰਕਜ ਅਡਵਾਨੀ ਨੇ ਐਤਵਾਰ ਨੂੰ ਸਥਾਨਕ ਦਾਅਵੇਦਾਰ ਜੇਡੇਨ ਓਂਗ ਨੂੰ 5-1 ਨੂੰ ਹਰਾ ਕੇ ਸਿੰਗਾਪੁਰ ਵਿਚ ਵੱਕਾਰੀ ਸਿੰਗਾਪੁਰ ਓਪਨ ਬਿਲੀਅਰਡਸ ਦਾ ਖਿਤਾਬ ਜਿੱਤ ਲਿਆ। ਅਡਵਾਨੀ ਨੇ ਫਾਈਨਲ ਤੱਕ ਦੇ ਆਪਣੇ ਸਫਰ ਦੌਰਾਨ ਕੁਆਰਟਰ ਫਾਈਨਲ ਵਿਚ ਸਾਬਕਾ ਆਈ. ਬੀ. ਐੱਸ. ਐੱਫ. ਵਿਸ਼ਵ ਸਨੂਕਰ ਚੈਂਪੀਅਨ ਥਾਈਲੈਂਡ ਦੇ ਦੇਵਾਚਤ ਪੂਮਜਾਏਂਗ ਨੂੰ 4-3 ਨਾਲ ਹਰਾਇਆ ਸੀ।
ਓਂਗ ਨੇ ਮੁਕਾਬਲੇ ਦੀ ਚੰਗੀ ਸ਼ੁਰੂਆਤ ਕੀਤੀ ਸੀ ਪਰ ਅਡਵਾਨੀ ਨੇ ਸ਼ੁਰੂਆਤੀ ਦੋਵੇਂ ਫ੍ਰੇਮ ਵਿਚ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਜਿੱਤੇ ਤੇ 2-0 ਦੀ ਬੜ੍ਹਤ ਬਣਾਈ। ਓਂਗ ਨੇ ਤੀਜਾ ਫ੍ਰੇਮ ਜਿੱਤਿਆ ਪਰ ਅਡਵਾਨੀ ਨੇ ਅਗਲੇ ਦੋਵੇਂ ਫ੍ਰੇਮ ਜਿੱਤ ਕੇ ਮੁਕਾਬਲਾ ਜਿੱਤ ਲਿਆ। ਪੰਕਜ ਅਡਵਾਨੀ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਕਾਰਨ ਉਨ੍ਹਾਂ ਦੀ ਦੇਸ਼-ਵਿਦੇਸ਼ 'ਚ ਸ਼ਲਾਘਾ ਹੋ ਰਹੀ ਹੈ ਤੇ ਉਨ੍ਹਾਂ ਨੂੰ ਵਧਾਈਆਂ ਵੀ ਮਿਲ ਰਹੀਆਂ ਹਨ। ਹੁਣ ਅਗਲੇ ਮਹੀਨੇ ਪੰਕਜ ਅਡਵਾਨੀ ਦੋਹਾ ਵਿੱਚ ਆਪਣੇ ਵਿਸ਼ਵ ਬਿਲੀਅਰਡਸ ਖਿਤਾਬ ਦਾ ਬਚਾਅ ਕਰਨਗੇ।