ਪੰਡਯਾ ਨੇ ਬੈਂਗਲੁਰੂ ’ਚ ਰਹਿਣ ਦਾ ਕੀਤਾ ਫੈਸਲਾ, ਸੈਂਟਰ ਆਫ ਐਕਸੀਲੈਂਸ ਨੂੰ ਸਥਾਈ ਟ੍ਰੇਨਿੰਗ ਕੇਂਦਰ ਬਣਾਇਆ
Wednesday, Jul 01, 2026 - 10:26 AM (IST)
ਨਵੀਂ ਦਿੱਲੀ- ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਨੇ ਆਪਣੇ ਕਰੀਅਰ ਦੇ ਬਾਕੀ ਸਮੇਂ ਲਈ ਭਾਰਤੀ ਕ੍ਰਿਕਟ ਬੋਰਡ (ਬੀ. ਸੀ. ਸੀ. ਆਈ.) ਦੇ ਸੈਂਟਰ ਆਫ ਐਕਸੀਲੈਂਸ (ਸੀ. ਓ. ਈ.) ਨੂੰ ਆਪਣਾ ਸਥਾਈ ਟ੍ਰੇਨਿੰਗ ਕੇਂਦਰ ਬਣਾਉਣ ਦੇ ਮਕਸਦ ਨਾਲ ਬੈਂਗਲੁਰੂ ’ਚ ਰਹਿਣ ਦਾ ਫੈਸਲਾ ਕੀਤਾ ਹੈ ਅਤੇ ਉਹ ਅਜਿਹਾ ਕਰਨ ਵਾਲਾ ਭਾਰਤ ਦਾ ਪਹਿਲਾ ਪ੍ਰਮੁੱਖ ਮੌਜੂਦਾ ਕ੍ਰਿਕਟਰ ਬਣ ਗਿਆ ਹੈ। ਪੰਡਯਾ ਦਾ ਇਹ ਕਦਮ ਇਸ ਲਈ ਸਾਰਿਆਂ ਦਾ ਧਿਆਨ ਖਿੱਚ ਰਿਹਾ ਹੈ ਕਿਉਂਕਿ ਭਾਰਤ ਦੇ ਕੇਂਦਰੀ ਕਰਾਰਬੱਧ ਖਿਡਾਰੀ ਆਮ ਤੌਰ ’ਤੇ ਸੱਟ ਤੋਂ ਉੱਭਰਨ (ਰਿਹੈਬਿਲੀਟੇਸ਼ਨ), ਫਿਟਨੈੱਸ ਟੈਸਟ ਜਾਂ ਰਾਸ਼ਟਰੀ ਕੈਂਪ ਲਈ ਹੀ ਸੀ. ਓ. ਈ. ਜਾਂਦੇ ਹਨ।
ਪੰਡਯਾ ਮੂਲ ਰੂਪ ’ਚ ਗੁਜਰਾਤ ਦੇ ਬੜੌਦਾ ਦਾ ਰਹਿਣ ਵਾਲਾ ਹੈ ਪਰ ਉਸ ਨੇ ਪਿਛਲੇ ਦਹਾਕੇ ’ਚ ਜ਼ਿਆਦਾਤਰ ਸਮਾਂ ਮੁੰਬਈ ’ਚ ਬਿਤਾਇਆ ਹੈ ਅਤੇ ਮੁੱਖ ਰੂਪ ’ਚ ਆਪਣੀ ਆਈ. ਪੀ. ਐੱਲ. ਟੀਮ ਮੁੰਬਈ ਇੰਡੀਅਨਜ਼ ਦੀ ਘੰਸੋਲੀ ਸਥਿਤ ਸੁਵਿਧਾ ’ਚ ਟ੍ਰੇਨਿੰਗ ਕੀਤੀ ਹੈ। ਅਜੇ ਪੱਟ ਦੀ ਸੱਟ ਤੋਂ ਉੱਭਰ ਰਿਹਾ 32 ਸਾਲਾ ਪੰਡਯਾ ਬ੍ਰਿਟੇਨ ਦੇ ਸੀਮਤ ਓਵਰਾਂ ਦੇ ਮੌਜੂਦਾ ਦੌਰੇ ਤੋਂ ਬਾਹਰ ਹੋ ਗਿਆ ਸੀ। ਉਸ ਨੇ ਪਿਛਲੇ 6 ਮਹੀਨਿਆਂ ’ਚ ਸੀ. ਓ. ਈ. ’ਚ ਕਾਫੀ ਸਮਾਂ ਬਿਤਾਇਆ ਹੈ।
