ਕੋਰੋਨਾ ਪ੍ਰੋਟੋਕਾਲ ਤੋੜਨ ਦੀ ਸਪਿਨਰ ਰਜ਼ਾ ਹਸਨ ਨੂੰ ਮਿਲੀ ਸਜ਼ਾ, ਘਰੇਲੂ ਸੀਜ਼ਨ ਦੇ ਬਾਕੀ ਮੈਚਾਂ ਤੋਂ ਹੋਏ ਬਾਹਰ

12/01/2020 3:59:27 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਖੱਬੇ ਹੱਥ ਦੇ ਸਪਿਨਰ ਰਜ਼ਾ ਹਸਨ ਨੂੰ ਕੋਰੋਨਾ ਸਬੰਧੀ ਪ੍ਰੋਟੋਕਾਲ ਤੋੜਨ ਕਾਰਨ ਸੋਮਵਾਰ ਨੂੰ ਘਰੇਲੂ ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਕਾਇਦ-ਏ-ਆਜ਼ਮ ਟਰਾਫੀ ਵਿਚ ਨਾਰਦਨ ਸੈਕੰਡ ਇਲੈਵਨ ਲਈ ਖੇਡ ਰਹੇ ਸਨ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੱਸਿਆ ਕਿ ਬੋਰਡ ਦੀ ਮੈਡੀਕਲ ਟੀਮ ਦੀ ਆਗਿਆ ਲਏ ਬਿਨਾਂ ਇਕ ਸਥਾਨਕ ਹੋਟਲ ਵਿਚ ਜੈਵ ਸੁਰੱਖਿਆ ਘੇਰਾ ਤੋਨੜ ਕਾਰਨ ਉਸ ਨੂੰ ਬਾਹਰ ਕੀਤਾ ਗਿਆ ਹੈ। ਉਹ ਸੀਜ਼ਨ ਦੇ ਬਾਕੀ ਕਿਸੇ ਮੈਚ ਵਿਚ ਨਹੀਂ ਖੇਡ ਪਾਉਣਗੇ।

ਇਸ ਮਾਮਲੇ ਨੂੰ ਲੈ ਕੇ ਪਾਕਿਸਤਾਨ ਦੇ ਡਾਇਰੈਕਟਰ ਨਦੀਮ ਖਾਨ ਨੇ ਕਿਹਾ ਕਿ ਇਹ ਬੇਹੱਦ ਦੁਖ਼ਦ ਹੈ ਕਿ ਇੰਨੀਆਂ ਚਿਤਾਵਨੀਆਂ ਅਤੇ ਸਿਖਲਾਈ ਪ੍ਰੋਗਰਾਮ ਚਲਾਉਣ ਦੇ ਬਾਵਜੂਦ ਕੋਵਿਡ-19 ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਨਿਯਮਾਂ ਨੂੰ ਲੈ ਕੇ ਅਸੀਂ ਕਿਸੇ ਵੀ ਤਰ੍ਹਾਂ ਦਾ ਜੋਖ਼ਮ ਨਹੀਂ ਲਵਾਂਗੇ ਅਤੇ ਨਾ ਹੀ ਕਿਸੇ ਖਿਡਾਰੀ ਨੂੰ ਮਾਫ਼ ਕੀਤਾ ਜਾਵੇਗਾ। ਅਸੀਂ ਕਿਸੇ ਖਿਡਾਰੀ ਦੀ ਜਾਨ ਜੋਖ਼ਮ ਵਿਚ ਨਹੀਂ ਪਾ ਸਕਦੇ। ਨਦੀਮ ਖਾਨ ਨੇ ਅੱਗੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਰਜਾ ਹਸਨ ਆਪਣੀ ਇਸ ਗਲਤੀ ਨੂੰ ਸੁਧਾਰਣਗੇ ਅਤੇ ਅੱਗੇ ਕਦੇ ਇਸ ਦੇ ਨਿਯਮਾਂ ਨੂੰ ਨਹੀਂ ਤੋੜਨਗੇ।


cherry

Content Editor

Related News