ENG VS PAK : ਚੌਥੇ ਦਿਨ ਵੀ ਮੀਂਹ ਦਾ ਕਹਿਰ, ਟੈਸਟ ਦਾ ਡਰਾਅ ਹੋਣਾ ਤੈਅ!
Monday, Aug 17, 2020 - 12:21 AM (IST)
ਸਾਊਥੰਪਟਨ– ਪਾਕਿਸਤਾਨ ਤੇ ਇੰਗਲੈਂਡ ਵਿਚਾਲੇ ਦੂਜੇ ਕ੍ਰਿਕਟ ਟੈਸਟ ਦਾ ਚੌਥਾ ਦਿਨ ਵੀ ਮੀਂਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ ਤੇ ਐਤਵਾਰ ਨੂੰ ਸਿਰਫ 10.2 ਓਵਰਾਂ ਦੀ ਹੀ ਖੇਡ ਹੋ ਸਕੀ। ਮੈਚ ਡਰਾਅ ਵੱਲ ਵੱਧ ਗਿਆ ਹੈ। ਇੰਗਲੈਂਡ ਪਹਿਲਾ ਮੈਚ ਜਿੱਤ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਅੱਗੇ ਹੈ। ਮੈਚ ਵਿਚ ਚਾਰ ਦਿਨਾਂ ਵਿਚ ਮੀਂਹ ਤੇ ਖਰਾਬ ਰੌਸ਼ਨੀ ਦੇ ਕਾਰਣ ਖੇਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਅਜੇ ਤਕ ਸਿਰਫ ਪਾਕਿਸਤਾਨ ਦੀ ਪਹਿਲੀ ਪਾਰੀ ਹੀ ਪੂਰੀ ਹੋਈ ਹੈ। ਪਾਕਿਸਤਾਨ ਨੇ 9 ਵਿਕਟਾਂ 'ਤੇ 223 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤੇ ਉਸਦੀ ਪਹਿਲੀ ਪਾਰੀ 13 ਦੌੜਾਂ ਜੋੜ ਕੇ 236 ਦੌੜਾਂ 'ਤੇ ਖਤਮ ਹੋਈ।
ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 5 ਓਵਰਾਂ ਵਿਚ ਓਪਨਰ ਰੋਰੀ ਬਰਨਸ ਦੀ ਵਿਕਟ ਗੁਆ ਕੇ 7 ਦੌੜਾਂ ਬਣਾ ਲਈਆਂ ਹਨ। ਬਰਨਸ ਦਾ ਖਾਤਾ ਨਹੀਂ ਖੁੱਲ੍ਹਾ ਤੇ ਉਸ ਨੂੰ ਸ਼ਾਹੀਨ ਆਫਰੀਦੀ ਨੇ ਆਊਟ ਕੀਤਾ। ਸਟੰਪਸ ਦੇ ਸਮੇਂ ਡਾਮ ਸਿਬਲੀ 2 ਤੇ ਕ੍ਰਾਓਲੀ 5 ਦੌੜਾਂ ਬਣਾ ਕੇ ਕ੍ਰੀਜ਼ 'ਤੇ ਸਨ।