ਬੰਗਲਾਦੇਸ਼ ਤੋਂ ਹਾਰ ਪਈ ਭਾਰੀ, 1965 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਹੇਠਲੇ ਪੱਧਰ ''ਤੇ ਪਹੁੰਚੀ ਪਾਕਿ ਟੈਸਟ ਟੀਮ

Wednesday, Sep 04, 2024 - 01:04 PM (IST)

ਬੰਗਲਾਦੇਸ਼ ਤੋਂ ਹਾਰ ਪਈ ਭਾਰੀ, 1965 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਹੇਠਲੇ ਪੱਧਰ ''ਤੇ ਪਹੁੰਚੀ ਪਾਕਿ ਟੈਸਟ ਟੀਮ

ਦੁਬਈ—ਬੰਗਲਾਦੇਸ਼ ਤੋਂ ਪਹਿਲੀ ਵਾਰ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਪਾਕਿਸਤਾਨ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੈਸਟ ਰੈਂਕਿੰਗ 'ਚ ਅੱਠਵੇਂ ਸਥਾਨ 'ਤੇ ਖਿਸਕ ਗਿਆ ਹੈ ਅਤੇ ਉਸ ਦੀ ਰੇਟਿੰਗ 1965 ਤੋਂ ਬਾਅਦ ਪਹਿਲੀ ਵਾਰ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਪਾਕਿਸਤਾਨ ਪਹਿਲਾ ਟੈਸਟ ਮੈਚ 10 ਵਿਕਟਾਂ ਨਾਲ ਅਤੇ ਦੂਜਾ ਮੈਚ ਛੇ ਵਿਕਟਾਂ ਨਾਲ ਹਾਰ ਗਿਆ ਸੀ। ਇਹ ਦੋਵੇਂ ਮੈਚ ਰਾਵਲਪਿੰਡੀ ਵਿੱਚ ਖੇਡੇ ਗਏ ਸਨ। ਆਈਸੀਸੀ ਨੇ ਆਪਣੀ ਵੈੱਬਸਾਈਟ 'ਤੇ ਕਿਹਾ, ''ਬੰਗਲਾਦੇਸ਼ ਤੋਂ ਘਰੇਲੂ ਮੈਦਾਨ 'ਤੇ ਕਰਾਰੀ ਹਾਰ ਝੱਲਣ ਤੋਂ ਬਾਅਦ ਪਾਕਿਸਤਾਨ ਆਈਸੀਸੀ ਪੁਰਸ਼ ਟੈਸਟ ਟੀਮ ਰੈਂਕਿੰਗ 'ਚ ਦੋ ਸਥਾਨ ਹੇਠਾਂ ਅੱਠਵੇਂ ਸਥਾਨ 'ਤੇ ਪਹੁੰਚ ਗਿਆ ਹੈ।
ਵੈੱਬਸਾਈਟ ਮੁਤਾਬਕ, 'ਸੀਰੀਜ਼ ਤੋਂ ਪਹਿਲਾਂ ਪਾਕਿਸਤਾਨੀ ਟੀਮ ਛੇਵੇਂ ਸਥਾਨ 'ਤੇ ਸੀ ਪਰ ਲਗਾਤਾਰ ਹਾਰ ਦੇ ਕਾਰਨ ਉਹ ਵੈਸਟਇੰਡੀਜ਼ ਤੋਂ ਹੇਠਾਂ ਅੱਠਵੇਂ ਸਥਾਨ 'ਤੇ ਆ ਗਈ ਹੈ। ਉਸ ਦੇ 76 ਰੇਟਿੰਗ ਅੰਕ ਹਨ। ਪਾਕਿਸਤਾਨ 1965 ਤੋਂ ਬਾਅਦ ਪਹਿਲੀ ਵਾਰ ਇੰਨੇ ਘੱਟ ਰੇਟਿੰਗ ਅੰਕਾਂ 'ਤੇ ਪਹੁੰਚਿਆ ਹੈ।
13 ਰੇਟਿੰਗ ਅੰਕ ਹਾਸਲ ਕਰਨ ਦੇ ਬਾਵਜੂਦ ਬੰਗਲਾਦੇਸ਼ ਪਾਕਿਸਤਾਨ ਤੋਂ ਪਿੱਛੇ ਨੌਵੇਂ ਸਥਾਨ 'ਤੇ ਹੈ। ਸਰੀਜ਼ੀ 'ਚ 2-0 ਨਾਲ ਜਿੱਤ ਤੋਂ ਬਾਅਦ ਹਾਲਾਂਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸਥਿਤੀ ਵਿੱਚ ਉਸ ਨੂੰ ਵਾਧਾ ਹੋਇਆ ਹੈ ਅਤੇ ਉਹ ਭਾਰਤ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਬਾਅਦ ਚੌਥੇ ਸਥਾਨ 'ਤੇ ਪਹੁੰਚ ਗਿਆ ਹੈ ਜਦਕਿ ਇੰਗਲੈਂਡ ਪੰਜਵੇਂ ਸਥਾਨ 'ਤੇ ਖਿਸਕ ਗਿਆ ਹੈ। ਬੰਗਲਾਦੇਸ਼ ਹੁਣ ਦੋ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤ ਦਾ ਦੌਰਾ ਕਰੇਗਾ ਜਿਸ ਦਾ ਪਹਿਲਾ ਟੈਸਟ ਮੈਚ 19 ਸਤੰਬਰ ਤੋਂ ਚੇਨਈ ਵਿੱਚ ਖੇਡਿਆ ਜਾਵੇਗਾ।


author

Aarti dhillon

Content Editor

Related News