ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਦਿੱਤਾ 304 ਦੌੜਾਂ ਦਾ ਟੀਚਾ

Thursday, Nov 28, 2024 - 06:53 PM (IST)

ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਦਿੱਤਾ 304 ਦੌੜਾਂ ਦਾ ਟੀਚਾ

ਬੁਲਾਵਾਓ- ਕਾਮਰਾਨ ਗੁਲਾਮ (103) ਦੀ ਸੈਂਕੜੇ ਵਾਲੀ ਪਾਰੀ ਅਤੇ ਅਬਦੁੱਲਾ ਸ਼ਫੀਕ (50) ਦੀ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਤੀਜੇ ਵਨਡੇ 'ਚ ਜ਼ਿੰਬਾਬਵੇ ਨੂੰ ਜਿੱਤ ਲਈ 304 ਦੌੜਾਂ ਦਾ ਟੀਚਾ ਦਿੱਤਾ ਹੈ। ਅੱਜ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਕਰਨ ਆਏ ਪਾਕਿਸਤਾਨ ਦੀ ਸਲਾਮੀ ਜੋੜੀ ਸਾਈਮ ਅਯੂਬ ਅਤੇ ਅਬਦੁੱਲਾ ਸ਼ਫੀਕ ਨੇ ਪਹਿਲੇ ਵਿਕਟ ਲਈ 58 ਦੌੜਾਂ ਜੋੜੀਆਂ। ਫਰਾਜ਼ ਅਕਰਮ ਨੇ 13ਵੇਂ ਓਵਰ ਵਿੱਚ ਸਾਈਮ ਅਯੂਬ (31) ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਕਾਮਰਾਨ ਗੁਲਾਮ ਨੇ ਅਬਦੁੱਲਾ ਸ਼ਫੀਕ ਨਾਲ ਦੂਜੇ ਵਿਕਟ ਲਈ 54 ਦੌੜਾਂ ਦੀ ਸਾਂਝੇਦਾਰੀ ਕੀਤੀ। 

ਸਿਕੰਦਰ ਰਜ਼ਾ ਨੇ ਅਬਦੁੱਲਾ ਸ਼ਫੀਕ (50) ਨੂੰ ਆਊਟ ਕਰਕੇ ਜ਼ਿੰਬਾਬਵੇ ਨੂੰ ਦੂਜੀ ਸਫਲਤਾ ਦਿਵਾਈ। ਸ਼ਫੀਕ ਨੇ 50 ਦੌੜਾਂ ਦੀ ਆਪਣੀ ਪਾਰੀ 'ਚ ਪੰਜ ਚੌਕੇ ਅਤੇ ਇਕ ਛੱਕਾ ਲਗਾਇਆ। ਕਪਤਾਨ ਮੁਹੰਮਦ ਰਿਜ਼ਵਾਨ (37), ਆਗਾ ਸਲਮਾਨ (30) ਅਤੇ ਇਰਫਾਨ ਖਾਨ (ਤਿੰਨ) ਦੌੜਾਂ ਬਣਾ ਕੇ ਆਊਟ ਹੋ ਗਏ। ਕਾਮਰਾਨ ਗੁਲਾਮ ਨੇ 99 ਗੇਂਦਾਂ ਵਿੱਚ 10 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 103 ਦੌੜਾਂ ਦੀ ਸੈਂਕੜਾ ਪਾਰੀ ਖੇਡੀ। ਉਸ ਨੂੰ ਰਿਚਰਡ ਨਗਾਰਵਾ ਨੇ ਆਊਟ ਕੀਤਾ। 

ਤੈਯਬ ਤਾਹਿਰ (29) ਅਤੇ ਆਮਰ ਜਮਾਲ (ਪੰਜ) ਦੌੜਾਂ ਬਣਾ ਕੇ ਨਾਬਾਦ ਰਹੇ। ਪਾਕਿਸਤਾਨ ਦੀ ਟੀਮ ਨੇ ਨਿਰਧਾਰਿਤ 50 ਓਵਰਾਂ 'ਚ ਛੇ ਵਿਕਟਾਂ 'ਤੇ 303 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜ਼ਿੰਬਾਬਵੇ ਲਈ ਸਿਕੰਦਰ ਰਜ਼ਾ ਅਤੇ ਰਿਚਰਡ ਨਗਾਰਵਾ ਨੇ ਦੋ-ਦੋ ਵਿਕਟਾਂ ਲਈਆਂ। ਬਲੈਸਿੰਗ ਮੁਜ਼ਰਬਾਨੀ ਅਤੇ ਫਰਾਜ਼ ਅਕਰਮ ਨੇ ਇਕ-ਇਕ ਬੱਲੇਬਾਜ਼ ਨੂੰ ਆਊਟ ਕੀਤਾ। 


author

Tarsem Singh

Content Editor

Related News