ਪਹਿਲੇ ਟੈਸਟ ’ਚ ਹੌਲੀ ਓਵਰ ਗਤੀ ਲਈ ਪਾਕਿਸਤਾਨ ਤੇ ਬੰਗਲਾਦੇਸ਼ ਦੇ ਡਬਲਯੂ. ਟੀ. ਸੀ. ਅੰਕ ਕੱਟੇ
Tuesday, Aug 27, 2024 - 03:37 PM (IST)
ਰਾਵਲਪਿੰਡੀ, (ਭਾਸ਼ਾ)– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੋਮਵਾਰ ਨੂੰ ਕਿਹਾ ਕਿ ਰਾਵਲਪਿੰਡੀ ਵਿਚ ਪਹਿਲੇ ਟੈਸਟ ਦੌਰਾਨ ਹੌਲੀ ਓਵਰ ਗਤੀ ਲਈ ਪਾਕਿਸਤਾਨ ਦੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ. ਟੀ. ਸੀ.) ਅੰਕ ਸੂਚੀ ਵਿਚ 6 ਅੰਕ ਜਦਕਿ ਬੰਗਲਾਦੇਸ਼ ਦੇ 3 ਅੰਕ ਕੱਟੇ ਗਏ। ਬੰਗਲਾਦੇਸ਼ ਨੇ ਐਤਵਾਰ ਨੂੰ ਇੱਥੇ ਪਾਕਿਸਤਾਨ ’ਤੇ ਪਹਿਲੀ ਵਾਰ ਟੈਸਟ ਵਿਚ ਜਿੱਤ ਦਰਜ ਕੀਤੀ। ਉਸ ਨੇ ਇਹ ਇਤਿਹਾਸਕ ਜਿੱਤ ਪਾਕਿਸਤਾਨ ਵਿਰੁੱਧ 14 ਮੈਚ ਖੇਡਣ ਤੋਂ ਬਾਅਦ ਹਾਸਲ ਕੀਤੀ ਹੈ।
ਬੰਗਲਾਦੇਸ਼ ਨੂੰ ਅਜੇ ਤੱਕ 12 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਇਸ ਵਿਚੋਂ ਸਿਰਫ ਇਕ ਮੈਚ ਡਰਾਅ ਰਿਹਾ। ਬੰਗਲਾਦੇਸ਼ ਨੇ ਪਹਿਲੀ ਵਾਰ ਟੈਸਟ ਵਿਚ 10 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਪਾਕਿਸਤਾਨ ਦੇ ਛੇ ਓਵਰ ਹੌਲੀ ਗਤੀ ਲਈ 6 ਡਬਲਯੂ. ਟੀ. ਸੀ. ਅੰਕ ਕੱਟੇ ਗਏ ਹਨ ਤੇ ਉਸ ’ਤੇ 30 ਫੀਸਦੀ ਮੈਚ ਫੀਸ ਦਾ ਜੁਰਮਾਨਾ ਲਾਇਆ ਗਿਆ ਹੈ। ਬੰਗਲਾਦੇਸ਼ ’ਤੇ ਤਿੰਨ ਓਵਰ ਹੌਲੀ ਗਤੀ ਲਈ 3 ਡਬਲਯੂ. ਟੀ. ਸੀ. ਅੰਕ ਕੱਟੇ ਗਏ ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਾਇਆ ਗਿਆ ਹੈ।