CWC 2019 : ਪਾਕਿਸਤਾਨ ਲਗਭਗ ਬਾਹਰ, ਹੁਣ ਸਿਰਫ ਚਮਤਕਾਰ ਦੀ ਉਮੀਦ

Friday, Jul 05, 2019 - 05:09 AM (IST)

CWC 2019 : ਪਾਕਿਸਤਾਨ ਲਗਭਗ ਬਾਹਰ, ਹੁਣ ਸਿਰਫ ਚਮਤਕਾਰ ਦੀ ਉਮੀਦ

ਲੰਡਨ- ਪਾਕਿਸਤਾਨ ਦੀ ਆਈ. ਸੀ. ਸੀ. ਵਿਸ਼ਵ ਕੱਪ 'ਚ ਹੁਣ ਉਮੀਦ ਸਿਰਫ ਸਮੀਕਰਨਾਂ 'ਤੇ ਨਿਰਭਰ ਰਹਿ ਗਈ ਹੈ ਤੇ ਲਾਰਡਸ ਵਿਚ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਆਖਰੀ ਗਰੁੱਪ ਮੁਕਾਬਲੇ ਵਿਚ ਉਸ ਨੂੰ ਸੈਮੀਫਾਈਨਲ ਦੀ ਲਗਭਗ ਨਾਮੁਮਕਿਨ ਜਿਹੀ ਬਚੀ ਉਮੀਦ ਦੇ ਲਈ ਕਿਸੇ ਚਮਤਕਾਰ ਦੀ ਲੋੜ ਹੋਵੇਗੀ।
ਨਿਊਜ਼ੀਲੈਂਡ ਦੀ ਇੰਗਲੈਂਡ ਹੱਥੋਂ ਬੁੱਧਵਾਰ ਨੂੰ ਹਾਰ ਦੇ ਨਾਲ ਪਾਕਿਸਤਾਨ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚਣ ਦਾ ਸੁਪਨਾ ਲਗਭਗ ਟੁੱਟ ਗਿਆ ਹੈ। ਹੁਣ ਸਮੀਕਰਨ ਦੇ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਸਾਹਮਣੇ ਕਾਫੀ ਮੁਸ਼ਕਿਲ ਸਥਿਤੀ ਹੈ। ਪਾਕਿਸਤਾਨੀ ਟੀਮ ਨੂੰ 350 ਦੌੜਾਂ ਬਣਾਉਣ ਤੋਂ ਬਾਅਦ ਬੰਗਲਾਦੇਸ਼ ਨੂੰ 311 ਦੌੜਾਂ ਨਾਲ ਹਰਾਉਣ  ਜਾਂ 400 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ 315 ਦੌੜਾਂ ਨਾਲ ਹਰਾਉਣ ਜਾਂ 450 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ 321 ਦੌੜਾਂ ਨਾਲ ਹਰਾਉਣ ਦੀ ਸਥਿਤੀ ਵਿਚ ਹੀ ਉਹ ਸੈਮੀਫਾਈਨਲ ਦੀ ਉਮੀਦ ਕਰ ਸਕਦੀ ਹੈ, ਉਥੇ ਹੀ ਇਕ ਹੋਰ ਸਥਿਤੀ ਵਿਚ ਜੇਕਰ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਤਾਂ ਪਾਕਿਸਤਾਨ ਬਿਨਾਂ ਗੇਂਦ ਸੁੱਟੇ ਹੀ ਬਾਹਰ ਹੋ ਜਾਵੇਗਾ। ਫਿਲਹਾਲ ਅੰਕ ਸੂਚੀ ਵਿਚ ਆਸਟਰੇਲੀਆ (14 ਅੰਕ), ਭਾਰਤ (13 ਅੰਕ) ਤੇ ਇੰਗਲੈਂਡ (12 ਅੰਕ) ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਚੁੱਕੇ ਹਨ, ਜਦਕਿ ਨਿਊਜ਼ੀਲੈਂਡ (11 ਅੰਕ) ਚੌਥੇ ਸਥਾਨ 'ਤੇ ਹੈ ਤੇ ਨੈੱਟ ਰਨ ਰੇਟ ਵਿਚ ਪਾਕਿਸਤਾਨ ਤੋਂ ਕਾਫੀ ਬਿਹਤਰ ਸਥਿਤੀ ਵਿਚ ਹੈ।
ਪਾਕਿਸਤਾਨੀ ਟੀਮ ਨੇ ਗਰੁੱਪ ਗੇੜ ਦੇ ਆਖਰੀ ਮੈਚਾਂ ਵਿਚ ਜ਼ਬਰਦਸਤ ਵਾਪਸੀ ਕੀਤੀ ਸੀ ਪਰ  ਉਸਦੇ ਆਖਰੀ-4 ਵਿਚ ਪਹੁੰਚਣ ਦੀਆਂ ਉਮੀਦਾਂ ਨੂੰ ਤਕੜਾ ਝਟਕਾ ਭਾਰਤ ਦਾ ਇੰਗਲੈਂਡ ਹੱਥੋਂ 31 ਦੌੜਾਂ ਦੀ ਹਾਰ ਨਾਲ ਲੱਗਾ ਸੀ, ਜਦਕਿ ਆਖਰੀ ਉਮੀਦ ਨਿਊਜ਼ੀਲੈਂਡ ਦੀ ਹਾਰ ਨਾਲ ਟੁੱਟ ਗਈ ਤੇ ਹੁਣ ਸਾਲ 1992 ਦੀ ਚੈਂਪੀਅਨ ਟੀਮ ਲਈ ਸਥਿਤੀ ਮੁਸ਼ਕਿਲ ਜਿਹੀ ਹੋ ਗਈ ਹੈ। ਬੰਗਲਾਦੇਸ਼ ਵਿਰੁੱਧ ਹਾਲਾਂਕਿ ਟੀਮ ਨੂੰ ਕਾਫੀ ਚੌਕਸੀ ਵਰਤਣੀ ਪਵੇਗਾ, ਜਿਸ ਦੇ ਕੋਲ ਹੁਣ ਗੁਆਉਣ ਲਈ ਕੁਝ ਨਹੀਂ ਹੈ। ਦੂਜੀ ਵਿਰੋਧੀ ਏਸ਼ੀਆਈ ਟੀਮ ਨੇ ਵੀ ਇਸ ਟੂਰਨਾਮੈਂਟ ਵਿਚ ਕਈ ਯਾਦਗਾਰ ਮੈਚ ਖੇਡੇ ਹਨ। ਹਾਲਾਂਕਿ ਉਸ ਨੂੰ ਗੇਂਦਬਾਜ਼ੀ ਵਿਚ ਥੋੜ੍ਹੇ ਸੁਧਾਰ ਦੀ ਲੋੜ ਹੈ, ਜਿਸ ਵਿਚ ਨਿਰੰਤਰਤਾ ਦੀ ਕਮੀ ਦਿਸਦੀ ਹੈ। ਸਾਲ 1999 ਦੇ ਵਿਸ਼ਵ ਕੱਪ ਵਿਚ ਪਾਕਿਸਤਾਨ ਨੂੰ ਹਰਾ ਚੁੱਕੀ ਬੰਗਲਾਦੇਸ਼ ਦੀ ਕੋਸ਼ਿਸ਼ ਰਹੇਗੀ ਕਿ ਉਹ ਇਕ ਵਾਰ ਫਿਰ ਇਸੇ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ ਜੇਤੂ ਵਿਦਾਈ ਲਵੇ।


author

Gurdeep Singh

Content Editor

Related News