ਪਾਕਿਸਤਾਨ ਦੀ ਰੋਮਾਂਚਕ ਜਿੱਤ, ਗਰੁੱਪ-2 ''ਚ ਅਫਗਾਨਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
Saturday, Oct 30, 2021 - 01:00 AM (IST)
ਦੁਬਈ – ਕਪਤਾਨ ਬਾਬਰ ਆਜ਼ਮ ਦੀ 51 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਤੇ ਆਸਿਫ ਅਲੀ ਨੇ 19ਵੇਂ ਓਵਰ 4 ਛੱਕੇ ਲਾਉਂਦੇ ਹੋਏ ਪਾਕਿਸਤਾਨ ਨੂੰ ਅਫਗਾਨਿਸਤਾਨ ਵਿਰੁੱਧ ਆਈ. ਸੀ.ਸੀ. ਟੀ-20 ਵਿਸ਼ਵ ਕੱਪ ਦੇ ਗਰੁੱਪ-2 ਮੈਚ ਵਿਚ ਸ਼ੁੱਕਰਵਾਰ ਨੂੰ 5 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਪਾਕਿਸਤਾਨ ਨੇ ਲਗਾਤਾਰ ਤੀਜੀ ਜਿੱਤ ਹਾਸਲ ਕੀਤੀ ਤੇ ਸੈਮੀਫਾਈਨਲ ਵਿਚ ਆਪਣਾ ਸਥਾਨ ਲਗਭਗ ਪੱਕਾ ਕਰ ਲਿਆ। ਅਫਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ’ਤੇ 147 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਜਦਕਿ ਪਾਕਿਸਤਾਨ ਨੇ 19 ਓਵਰਾਂ ਵਿਚ 5 ਵਿਕਟਾਂ ’ਤੇ 148 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕਰ ਲਈ। ਆਸਿਫ ਅਲੀ ਨੇ ਕਰੀਮ ਜੰਨਤ ਦੇ ਪਾਰੀ ਦੇ 19ਵੇਂ ਓਵਰ ਵਿਚ ਚਾਰ ਛੱਕੇ ਲਾਏ ਤੇ ਸੱਤ ਗੇਂਦਾਂ ’ਤੇ ਅਜੇਤੂ 25 ਦੌੜਾਂ ਦੀ ਪਾਰੀ ਦੀ ਬਦੌਲਤ ‘ਮੈਨ ਆਫ ਦਿ ਮੈਚ’ ਬਣਿਆ।
ਇਸ ਤੋਂ ਪਹਿਲਾਂ ਕਪਤਾਨ ਮੁਹੰਮਦ ਨਬੀ (ਅਜੇਤੂ 35) ਤੇ ਗੁਲਬਦੀਨ ਨਾਇਬ (ਅਜੇਤੂ 35) ਦੀਆਂ ਸ਼ਾਨਦਾਰ ਪਾਰੀਆਂ ਤੇ ਉਨ੍ਹਾਂ ਵਿਚਾਲੇ 7ਵੀਂ ਵਿਕਟ ਲਈ 71 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਨੇ ਖਰਾਬ ਸ਼ੁਰੂਆਤ ਕਰਦੇ ਹੋਏ ਪਾਵਰ ਪਲੇਅ ਵਿਚ ਆਪਣੀਆਂ 4 ਵਿਕਟਾਂ 5.1 ਓਵਰਾਂ ਵਿਚ 39 ਦੌੜਾਂ ’ਤੇ ਗੁਆ ਦਿੱਤੀਆਂ ਸਨ। ਅਫਗਾਨਿਸਤਾਨ ਨੇ 12.5 ਓਵਰਾਂ ਵਿਚ ਆਪਣੀਆਂ 6 ਵਿਕਟਾਂ ’ਤੇ 76 ਦੌੜਾਂ ’ਤੇ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਨਬੀ ਤੇ ਨਾਇਬ ਨੇ ਸ਼ਾਨਦਾਰ ਸਾਂਝੇਦਾਰੀ ਕੀਤੀ ਅਤੇ ਟਮ ਨੂੰ ਲੜਨਯੋਗ ਸਕੋਰ ਤਕ ਪਹੁੰਚਾਇਆ। ਨਬੀ ਨੇ 32 ਗੇਂਦਾਂ ’ਤੇ 35 ਦੌੜਾਂ ਵਿਚ 5 ਚੌਕੇ ਲਾਏ ਜਦਕਿ ਨਾਇਬ ਨੇ 25 ਗੇਂਦਾਂ ’ਤੇ ਅਜੇਤੂ 35 ਦੌੜਾਂ ਵਿਚ ਚਾਰ ਚੌਕੇ ਤੇ ਇਕ ਛੱਕਾ ਲਾਇਆ। ਕਰੀਮ ਜੰਨਤ ਨੇ 17 ਗੇਂਦਾਂ ’ਤੇ 15 ਦੌੜਾਂ ਵਿਚ ਇਕ ਚੌਕਾ ਤੇ ਇਕ ਛੱਕਾ ਲਾਇਆ।
ਰਾਸ਼ਿਦ ਦੀਆਂ ਟੀ-20 ’ਚ 100 ਕੌਮਾਂਤਰੀ ਵਿਕਟਾਂ ਪੂਰੀਆਂ: ਅਫਗਾਨਿਸਤਾਨ ਦੇ ਚਮਤਕਾਰੀ ਲੈੱਗ ਸਪਿਨਰ ਰਾਸ਼ਿਦ ਖਾਨ ਨੇ ਟੀ-20 ਕੌਮਾਂਤਰੀ ਕ੍ਰਿਕਟ ਵਿਚ 100 ਵਿਕਟਾਂ ਪੂਰੀਆਂ ਕਰ ਲਈਆਂ ਹਨ ਤੇ ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਚੌਥਾ ਗੇਂਦਬਾਜ਼ ਬਣ ਗਿਆ ਹੈ। ਰਾਸ਼ਿਦ ਨੇ ਆਪਣੇ 53ਵੇਂ ਮੈਚ ਵਿਚ ਇਹ ਉਪਲੱਬਧੀ ਆਪਣੇ ਨਾਂ ਕੀਤੀ। ਉਸ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਟਿਮ ਸਾਊਥੀ ਨੇ 100 ਵਿਕਟਾਂ, ਸ਼੍ਰੀਲੰਕਾ ਦੇ ਲਸਿਥ ਮਲਿੰਗਾ ਨੇ 107 ਵਿਕਟਾਂ ਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੇ 117 ਵਿਕਟਾਂ ਲਈਆਂ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।